ਪਟਿਆਲਾ, 12 ਜੁਲਾਈ 2019 - ਜੇਲ੍ਹ ਵਿੱਚ ਬੰਦ ਹਵਾਲਾਤੀ ਹਰਚਰਨਵੀਰ ਸਿੰਘ ਦੀ ਕੁੱਟਮਾਰ ਨਾ ਕਰਨ ਬਦਲੇ ਉਸਦੀ ਮਾਂ ਨਾਲ ਅਸ਼ਲੀਲ ਹਰਕਤਾਂ ਅਤੇ ਰਿਸ਼ਵਤ ਮੰਗਣ ਦੇ ਦੋਸ਼ 'ਚ ਗ੍ਰਿਫਤਾਰ ਕੇਂਦਰੀ ਜੇਲ੍ਹ ਪਟਿਆਲਾ ਦੇ ਸਿਪਾਹੀ ਮਨਜੀਤ ਸਿੰਘ (ਵਾਰਡਨ) ਨੂੰ ਅਦਾਲਤ ਨੇ ਸੱਤ ਸਾਲ ਦੀ ਸਜਾ ਤੇ 1 ਲੱਖ 40 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹਵਾਲਾਤੀ ਹਰਚਰਨਵੀਰ ਸਿੰਘ ਨੂੰ ਉਸਦੀ ਪਤਨੀ ਨਾਲ ਘਰੇਲੂ ਲੜਾਈ ਝਗੜਾ ਹੋਣ ਕਾਰਨ ਕੰਡੀਸ਼ਨਰ ਵਾਰੰਟ ਰਾਹੀ ਮਿਤੀ 11 ਅਪ੍ਰੈਲ 2016 ਨੂੰ 30 ਦਿਨਾਂ ਲਈ ਕੇਂਦਰੀ ਜੇਲ ਵਿਚ ਭੇਜਿਆ ਗਿਆ ਸੀ। ਜਿਸ ਦੌਰਾਨ ਦੋਸ਼ੀ ਵਾਰਡਨ ਮਨਜੀਤ ਸਿੰਘ ਨੇ ਹਰਚਰਨਵੀਰ ਸਿੰਘ ਦੀ ਮਾਤਾ ਕੋਲੋ ਉਸਦੇ ਬੇਟੇ ਦੀ ਜੇਲ ਵਿੱਚ ਸਾਂਭ-ਸੰਭਾਲ ਅਤੇ ਕੁੱਟਮਾਰ ਨਾ ਕਰਨ ਬਦਲੇ 10 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਦੋਸ਼ੀ ਸਿਪਾਹੀ ਮਨਜੀਤ ਸਿੰਘ (ਵਾਰਡਨ) ਵੱਲੋਂ ਉਕਤ ਔਰਤ ਨਾਲ ਸਰੀਰਕ ਸ਼ੋਸਣ ਕਰਨ ਦੇ ਮੰਤਵ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ ਗਈਆਂ।
ਐੱਸ.ਐੱਸ.ਪੀ. ਨੇ ਦੱਸਿਆ ਕਿ ਦੋਸ਼ੀ ਸਿਪਾਹੀ ਮਨਜੀਤ ਸਿੰਘ ਨੂੰ ਡੀ.ਐੱਸ.ਪੀ ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ 10 ਹਜ਼ਾਰ ਰੁਪਏ ਰਿਸ਼ਵਤ ਹਾਸਲ ਕਰਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਅਤੇ ਮੁਕੱਦਮਾ ਨੰਬਰ 4 ਮਿਤੀ 2 ਮਈ 2016 ਅ/ਧ 7,13(1)(ਡੀ), 13(2)1988 ਪੀ.ਸੀ.ਐਕਟ ਅਤੇ 452, 354, 506, 509 ਆਈ.ਪੀ.ਸੀ. ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵਿਖੇ ਦਰਜ ਕੀਤਾ ਗਿਆ ਸੀ।
ਸਿੱਧੂ ਨੇ ਦੱਸਿਆ ਕਿ ਉਕਤ ਮੁਕੱਦਮੇ 'ਚ ਮਾਨਯੋਗ ਅਦਾਲਤ ਨੇ 11 ਜੁਲਾਈ 2019 ਨੂੰ ਦੋਸ਼ੀ ਸਿਪਾਹੀ ਮਨਜੀਤ ਸਿੰਘ (ਵਾਰਡਨ) ਕੇਂਦਰੀ ਜੇਲ ਪਟਿਆਲਾ ਨੂੰ 7 ਸਾਲ ਕੈਦ (ਸਜਾ) ਅਤੇ 1 ਲੱਖ 40 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ।