ਫਾਜ਼ਿਲਕਾ, 12 ਜੁਲਾਈ 2019 (ਇੰਦਰਜੀਤ ਸਿੰਘ) - ਫਾਜ਼ਿਲਕਾ ਬਲਾਕ ਵਿੱਚ ਜਿੱਥੇ ਕਰੀਬ 96 ਪਿੰਡ ਹਨ ਉੱਥੇ ਹੀ ਸਾਰੇ ਪਿੰਡਾਂ ਦੇ ਸਰਪੰਚਾਂ ਨੇ ਮਿਲਕੇ ਇੱਕ ਸਰਪੰਚ ਯੂਨੀਅਨ ਬਣਾਈ ਹੈ। ਜਿਸ ਵਿੱਚ ਰਾਜਨੀਤੀ ਤੋਂ ਉੱਪਰ ਉੱਠਕੇ ਸਾਰੇ ਇੱਕਜੁਟ ਹੋ ਗਏ ਹਨ ਅਤੇ ਇੱਕ ਦੂਜੇ ਨੂੰ ਫੀਲਡ ਵਿੱਚ ਆਉਣ ਵਾਲੀ ਹਰ ਮੁਸ਼ਕਿਲ ਲਈ ਮੋਡੇ ਨਾਲ ਮੋਡਾ ਮਿਲਾਕੇ ਖੜੇ ਹਨ। ਇਸ ਗੱਲ ਨੂੰ ਲੈ ਕੇ ਅੱਜ ਫਾਜ਼ਿਲਕਾ ਦੇ ਬੀ.ਡੀ.ਪੀ.ਓ ਦਫਤਰ ਵਿੱਚ ਸਰਪੰਚ ਯੂਨੀਅਨ ਦੇ ਕਰੀਬ 60 ਮੈਬਰਾਂ ਨੇ ਮੀਟਿੰਗ ਕੀਤੀ।
ਇੱਕਠੇ ਹੋਏ ਸਰਪੰਚਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਫੀਲਡ ਵਿੱਚ ਕੰਮ ਕਰਦਿਆਂ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਦੇ ਕਾਰਨ ਉਹ ਸਾਰੇ ਸਰਪੰਚ ਇੱਕਜੁਟ ਹੋਏ ਹਨ ਅਤੇ ਜੇਕਰ ਕਿਸੇ ਵੀ ਸਰਪੰਚ ਨੂੰ ਕੋਈ ਮੁਸ਼ਕਿਲ ਆਏਗੀ ਤਾਂ ਉਹ ਇੱਕਜੁਟ ਹੋਕੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਆਪਣੀਆ ਮੁਸ਼ਕਿਲਾਂ ਦਾ ਹੱਲ ਕਰਾਉਣਗੇ। ਸਰਪੰਚਾਂ ਨੇ ਕਿਹਾ ਕਿ ਉਨ੍ਹਾਂ ਨੂੰ 1200 ਰੁਪਏ ਮਹੀਨਾ ਮਾਣ ਭੱਤਾ ਦਿੱਤਾ ਜਾ ਰਿਹਾ ਹੈ ਜੋ ਕਿ ਬਹੁਤ ਘੱਟ ਹੈ ਅਤੇ ਜੇਕਰ ਉਹ ਲੋਕਾਂ ਦੇ ਕੰਮ ਕਰਵਾਉਣ ਲਈ ਸ਼ਹਿਰ ਵਿੱਚ ਕਿਸੇ ਸਰਕਾਰੀ ਦਫਤਰ ਵਿੱਚ ਜਾਂਦੇ ਹਨ ਤਾਂ ਉੱਥੇ ਉਨ੍ਹਾਂ ਤੋਂ ਸਾਈਕਲ ਸਟੈਂਡ ਤੇ ਪਰਚੀ ਵਸੂਲੀ ਜਾ ਰਹੀ ਹੈ ਉੱਥੇ ਹੀ ਉਨ੍ਹਾਂ ਨੇ ਆਪਣੇ ਪਿੰਡ ਤੋਂ ਸ਼ਹਿਰ ਆਉਣ ਲਈ ਰਸਤੇ ਵਿੱਚ ਪੈਣ ਵਾਲੇ ਟੋਲ ਪਲਾਜਾ ਉੱਤੇ ਵੀ ਟੋਲ ਫਰੀ ਕਰਾਉਣ ਦੀ ਸਰਕਾਰ ਤੋਂ ਮੰਗ ਕੀਤੀ ਹੈ। ਸਰਪੰਚਾਂ ਨੇ ਦੱਸਿਆ ਕਿ ਪਿੰਡਾਂ ਵਿੱਚ ਮਨਰੇਗਾ ਦੇ ਕੰਮ ਕਰਨ ਵਿੱਚ ਵੀ ਕਾਫ਼ੀ ਮੁਸ਼ਕਿਲ ਆ ਰਹੀ ਹੈ ਕਿਉਂਕਿ ਸਰਕਾਰ ਵਲੋਂ ਜੋ ਜੇ.ਈ. ਲਗਾਏ ਗਏ ਹਨ ਉਹ ਜਿਆਦਾਤਰ ਅਨ-ਟਰੇਨਡ ਹਨ। ਪਹਿਲਾਂ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਏ ਤਾਂ ਹੀ ਇਹ ਕੰਮ ਮੁਕੰਮਲ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਜੋ ਉਨ੍ਹਾਂ ਦਾ ਮਾਣ ਭੱਤਾ ਪਿਛਲੇ ਸਮੇਂ ਦਾ ਬਕਾਇਆ ਪਿਆ ਹੈ। ਉਹ ਵੀ ਉਨ੍ਹਾਂ ਨੂੰ ਜਲਦ ਦਵਾਇਆ ਜਾਏ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਦਫਤਰਾਂ ਵਿੱਚ ਰੋਜ਼ ਆਉਣ ਜਾਣ ਵਿੱਚ ਅਫਸਰਾਂ ਵਲੋਂ ਉਨ੍ਹਾਂ ਨੂੰ ਪੂਰੀ ਰਿਸਪੈਕਟ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਨਾਲ ਆਏ ਲੋਕਾਂ ਦਾ ਕੰਮ ਅਸਾਨੀ ਨਾਲ ਕਰਵਾ ਸਕਣ।