ਚੰਡੀਗੜ੍ਹ, 12 ਜੁਲਾਈ 2019 - ਮੌਸਮ ਵਿਭਾਗ ਦੇ ਅਨੁਸਾਰ ਪੱਛਮੀ ਮਾਲਵਾ (ਮੋਗਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਬਰਨਾਲਾ, ਮਾਨਸਾ) 'ਚ ਮਾਨਸੂਨ ਦੀ ਦਸਤਕ 14 ਜੁਲਾਈ ਨੂੰ ਹੋਵੇਗੀ। ਇਸ ਤੋਂ ਬਿਨਾਂ ਮਾਨਸੂਨੀ ਖੇਤਰ ਮਾਝਾ, ਦੁਆਬਾ ਤੇ ਪੂਰਬੀ ਮਾਲਵਾ 'ਚ ਮਾਨਸੂਨੀ ਬਰਸਾਤਾਂ ਰੋਜ਼ਾਨਾ ਦੀ ਤਰਜ 'ਤੇ 19 ਜੁਲਾਈ ਤੱਕ ਜਾਰੀ ਰਹਿਣਗੀਆਂ। ਜਿਸ ਨਾਲ ਮੌਸਮ ਲਗਾਤਾਰ ਸੁਹਾਵਣਾ ਬਣਿਆ ਰਹੇਗਾ।
ਚੜ੍ਹਦੇ ਸਾਉਣ ਪੁਰੇ ਸੂਬੇ 'ਚ ਤਕੜੀਆਂ ਬਰਸਾਤਾਂ ਪੈਣ ਨਾਲ ਮੀਂਹ ਦੀ ਕਮੀ ਪੂਰੀ ਹੋ ਜਾਵੇਗੀ, ਅਤੇ ਇਸ ਵਾਰ ਮੀਂਹ ਦੀ ਝੜੀ ਲੱਗਣ ਦੀ ਵੀ ਪੂਰੀ ਉਮੀਦ ਹੈ। ਇਸੇ ਦੌਰਾਨ ਮਾਨਸੂਨ ਦਾ ਲੰਮਾ ਇੰਤਜ਼ਾਰ ਕਰਨ ਵਾਲੇ ਪੱਛਮੀ ਮਾਲਵਾ ਨੂੰ ਵੀ ਸੁੱਖ ਦਾ ਸਾਹ ਆਵੇਗਾ।
ਹਾਲਾਂਕਿ ਰੋਜ਼ਾਨਾ ਮੀਂਹ ਦਰਜ ਕਰ ਰਹੇ ਲੁਧਿਆਣਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਰੋਪੜ, ਮੋਹਾਲੀ, ਫਤਿਹਗੜ੍ਹ ਸਾਹਿਬ ਦੇ ਇਲਾਕਿਆਂ 'ਚ ਆਗਾਮੀ ਦਿਨੀਂ ਭਾਰੀ ਮੀਂਹ ਮੁਸੀਬਤ ਬਣ ਸਕਦਾ ਹੈ, ਖਾਸਕਰ 16-17 ਜੁਲਾਈ ਨੂੰ ਇਨ੍ਹਾਂ ਜਿਲ੍ਹਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ।
ਦੱਸਣਯੋਗ ਹੈ ਕਿ ਅਰਬ ਸਾਗਰ ਤੋਂ ਨਮੀ ਨਾਲ ਭਰਪੂਰ ਹਵਾਂਵਾਂ ਰਾਜਸਥਾਨ 'ਤੋਂ ਹੋ ਕੇ ਪੰਜਾਬ ਪੁੱਜ ਰਹੀਆਂ ਹਨ, ਜਿਸ ਕਰਕੇ ਸੂਬੇ ਦੇ ਕਈ ਹਿੱਸਿਆਂ 'ਚ ਬੱਦਲਾਂ ਦੇ ਨਾਲ ਰੇਤ ਵੀ ਅਸਮਾਨੀ ਚੜ੍ਹੀ ਦਿਖਾਈ ਦੇ ਰਹੀ ਹੈ।