ਚੰਡੀਗੜ੍ਹ, 14 ਜੁਲਾਈ, 2019 (ਵੀ.ਪੀ. ਸਿੰਘ ਨਾਗਰਾ), ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਉਘੇ ਵਕੀਲ ਇੰਦਰਾ ਜੈ ਸਿੰਘ ਅਤੇ ਅਨੰਦ ਗਰੋਵਰ ਦੇ ਟਿਕਾਣਿਆਂ ਉੱਤੇ ਸੀ.ਬੀ.ਆਈ. ਦੇ ਛਾਪਿਆਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਅਤੇ ਇਨਸਾਫ ਲਈ ਸਰਕਾਰ ਵਿਰੁੱਧ ਕਾਨੂੰਨੀ ਲੜਾਈ ਲੜਨ ਵਾਲਿਆਂ ਨੂੰ ਡਰਾਉਣਾ ਧਮਕਾਉਣਾ ਕਹਿੰਦੇ ਹੋਏ ਇਸ ਦੀ ਸਖ਼ਤ ਨਿੰਦਾ ਕੀਤੀ ਹੈ।
ਸੀ.ਬੀ.ਆਈ. ਨੇ ਵੀਰਵਾਰ ਨੂੰ ਸੀਨੀਅਰ ਵਕੀਲ ਇੰਦਰਾ ਜੈ ਸਿੰਘ ਅਤੇ ਉਸਦੇ ਪਤੀ ਅਨੰਦ ਗਰੋਵਰ ਦੇ ਟਿਕਾਣਿਆਂ ਉੱਤੇ ਛਾਪੇ ਮਾਰੇ ਅਤੇ ਉਨ੍ਹਾਂ ਉੱਤੇ ਵਿਦੇਸ਼ੀ ਫੰਡਾਂ ਦੇ ਕਾਨੂੰਨ ਦੀਆਂ ਉਲੰਘਣਾਵਾਂ ਦਾ ਇਲਜਾਮ ਲਾਇਆ। ਕਾਮਰੇਡ ਸੇਖੋਂ ਨੇ ਕਿਹਾ ਕਿ ਇੰਦਰਾ ਜੈ ਸਿੰਘ ਅਤੇ ਅਨੰਦ ਗਰੋਵਰ ਭਾਰਤ ਵਿੱਚ ਲੋਕ ਹਿੱਤਾਂ ਅਤੇ ਸਿਵਲ ਅਧਿਕਾਰਾਂ ਦੇ ਮੁਕੱਦਮੇ ਲੜਨ ਵਾਲੇ ਕੁੱਝ ਬਹੁਤ ਹੀ ਚੋਣਵੇਂ ਚਿਹਰੀਆਂ ਵਿਚੋਂ ਹਨ ਜਿਹੜੇ ਕਿ ਸਮਾਜਿਕ ਲੀਹਾਂ ਤੋਂ ਹੱਟ ਕੇ ਲਿੰਗਕ ਇਨਸਾਫ, ਸਮ ਲਿੰਗੀ ਅਧਿਕਾਰਾਂ, ਮਜ਼ਦੂਰਾਂ ਅਤੇ ਸਿਹਤ ਸੰਭਾਲ ਜਿਹੇ ਮੁੱਦਿਆਂ ਦੇ ਕੇਸ ਲੜਦੇ ਹਨ।
ਉਨ੍ਹਾਂ ਕਿਹਾ ਕਿ ਸੀ.ਬੀ.ਆਈ.ਵੱਲੋਂ ਗ੍ਰਹਿ ਵਿਭਾਗ ਦੀ ਸ਼ਿਕਾਇਤ ਦੇ ਆਧਾਰ ਉੱਤੇ ਜੋ ਪਹਿਲੀ ਸੂਚਨਾ ਰਿਪੋਰਟ (ਐਫ .ਆਈ. ਆਰ.) ਦਰਜ ਕੀਤੀ ਗਈ ਹੈ ਉਸ ਵਿੱਚ ਇੰਦਰਾ ਜੈ ਸਿੰਘ ਦਾ ਨਾਂ ਬਤੌਰ ਦੋਸ਼ੀ ਕਿਧਰੇ ਨਹੀਂ ਪਰ ਮੰਤਰਾਲੇ ਵੱਲੋਂ ਉਸ ਦੀ ਸ਼ੱਕੀ ਭੂਮਿਕਾ ਦੇ ਆਧਾਰ ਉੱਤੇ ਹੀ ਅਜਿਹਾ ਕਰਨ ਨੂੰ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਦਰਾ ਜੈ ਸਿੰਘ ਅਤੇ ਅਨੰਦ ਗਰੋਵਰ ਦੋਵੇਂ ਬਹੁਤ ਹੀ ਮਹੱਤਵਪੂਰਨ ਕੇਸਾਂ ਵਿੱਚ ਪੇਸ਼ ਹੁੰਦੇ ਹਨ ਜਿੱਥੇ ਉਹ ਤੇ ਸਰਕਾਰ ਆਹਮੋ-ਸਾਹਮਣੇ ਹੁੰਦੇ ਹਨ।
ਕਾਮਰੇਡ ਸੇਖੋਂ ਨੇ ਕਿਹਾ ਕਿ ਸਰਕਾਰ ਦੀ ਸ਼ਹਿ ਉੱਤੇ ਸੀ.ਬੀ.ਆਈ. ਵੱਲੋਂ ਮਾਰੇ ਜਾ ਰਹੇ ਅਜਿਹੇ ਛਾਪਿਆਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ।