ਪੱਟੀ, 14 ਜੁਲਾਈ 2019 - ਕਸਬਾ ਪੱਟੀ 'ਚ ਐਤਵਾਰ ਨੂੰ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਥਾਣੇ 'ਚੋਂ ਚੁਕਵਾਏ ਗਏ ਕਬਾੜ ਵਿਚੋਂ ਤਿੰਨ ਹੈਂਡ ਗ੍ਰੇਨੇਡ ਅਤੇ ਇੱਕ ਰਾਕਟ ਲਾਂਚਰ ਵੀ ਚੁੱਕਵਾ ਦਿੱਤਾ ਗਿਆ। ਇੰਨਾ ਹੀ ਨਹੀਂ ਰਿਕਸ਼ੇ ਵਾਲੇ ਦੇ ਨਾਲ ਕਬਾੜ ਦੀ ਦੁਕਾਨ ਤੱਕ ਥਾਣੇ ਦਾ ਇਕ ਸਫਾਈ ਕਰਮਚਾਰੀ ਵੀ ਗਿਆ ਸੀ ਜੋ ਕਿ ਸਾਮਾਨ ਵੇਚ ਕੇ ਵਾਪਸ ਪਰਤ ਆਇਆ। ਬਾਰੂਦ ਦਾ ਉਕਤ ਸਾਮਾਨ ਰਿਕਸ਼ਾ ਚਾਲਕ ਕਿਸ ਤਰ੍ਹਾਂ ਲੈ ਗਿਆ ਇਸ ਬਾਰੇ ਪੁਲਿਸ ਕਰਮਚਾਰੀ ਕੁਝ ਦੱਸਣ ਨੂੰ ਤਿਆਰ ਨਹੀਂ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਬਰਾਮਦੀ ਉਸ ਸਮੇਂ ਹੋਈ ਜਦੋਂ ਰਿਕਸ਼ਾ ਚਾਲਕ ਕਿਸੇ ਦੇ ਘਰ ਦਾ ਸਾਮਾਨ ਵੇਚਣ ਕਾਬੜੀਏ ਕੋਲ ਗਿਆ ਅਤੇ ਕੁੱਝ ਸਮਾਨ ਕਾਬੜੀਏ ਨੇ ਉਸਨੂੰ ਵਾਪਿਸ ਦਿੱਤਾ। ਕਬਾੜੀਏ ਦੀ ਮੰਨੀਏ ਤਾਂ ਉਸ ਕੋਲ ਗਰਨੇਡ ਵਰਗਾ ਕੋਈ ਸਾਮਾਨ ਪੁੱਜਾ ਹੀ ਨਹੀਂ ਸੀ ਜੋ ਕਬਾੜ ਦਾ ਸਾਮਾਨ ਆਇਆ ਸੀ ਉਹ ਉਸ ਨੇ ਵੇਖ ਕੇ ਰੱਖ ਲਿਆ। ਹੋ ਸਕਦਾ ਹੈ ਕਿ ਰਿਕਸ਼ਾ ਚਾਲਕ ਇਹ ਸਮਾਨ ਆਪਣੇ-ਆਪ ਹੀ ਘਰ ਲੈ ਗਿਆ ਹੋਵੇ। ਪੁਲਿਸ ਨੇ ਕਬਾੜੀਏ ਦੀ ਦੁਕਾਨ 'ਤੇ ਭੇਜਣ ਲਈ ਸਾਮਾਨ ਰਾਜੂ ਪੁੱਤਰ ਕਰਨੈਲ ਸਿੰਘ ਵਾਸੀ ਸਿੰਗਲ ਵਸਤੀ ਨਾਮਕ ਰਿਕਸ਼ਾ ਚਾਲਕ ਨੂੰ ਚੁਕਵਾਇਆ ਸੀ। ਰਾਜੂ ਮੁਤਾਬਿਕ ਉਹ ਥਾਣੇ 'ਚੋਂ ਸਾਮਾਨ ਲੈ ਕੇ ਕਬਾੜੀਏ ਦੀ ਦੁਕਾਨ 'ਤੇ ਗਿਆ। ਕਬਾੜੀਏ ਨੇ ਬਾਕੀ ਸਾਮਾਨ ਤਾਂ ਦੇ ਦਿੱਤਾ ਪਰ ਉਕਤ ਬੰਬ ਆਪਣੇ ਘਰ ਲੈ ਗਿਆ।
ਉਸ ਨੇ ਦੱਸਿਆ ਕਿ ਘਰ ਜਾ ਕੇ ਉਹ ਉਕਤ ਬੰਬਾਂ ਨੂੰ ਤੋੜ ਰਿਹਾ ਸੀ ਤਾਂ ਉਸਦੇ ਘਰ ਵਾਲਿਆਂ ਨੇ ਰੋਕਦਿਆਂ ਸਾਮਾਨ ਵਾਪਸ ਕਰਨ ਲਈ ਕਹਿ ਦਿੱਤਾ। ਪਰ ਜਦੋਂ ਉਸ ਨੂੰ ਸ਼ੱਕ ਪਿਆ ਕਿ ਇਹ ਬੰਬ ਹੋ ਸਕਦੇ ਹਨ ਤਾਂ ਉਸਨੇ ਇਨ੍ਹਾਂ ਨੂੰ ਰੋਹੀ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਕੁੱਝ ਲੋਕਾਂ ਵੱਲੋਂ ਵੇਖਣ 'ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਇਹ ਬੰਬ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣੇ 'ਚੋਂ ਕਬਾੜ ਦੇ ਨਾਲ ਬੰਬ ਵੀ ਚੁੱਕਵਾ ਦਿੱਤੇ ਜਾਣ ਬਾਰੇ ਜਦੋਂ ਥਾਣਾ ਮੁਖੀ ਨੂੰ ਪੁੱਛਿਆ ਗਿਆ ਤਾਂ ਉਹ ਇਸ ਬਾਰੇ ਕੋਈ ਜਵਾਬ ਨਾ ਦੇ ਸਕੇ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਬਾਰੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।