ਰਿਸ਼ੀਕੇਸ਼, 15 ਜੁਲਾਈ 2019 - ਉੱਤਰਾਖੰਡ ਦੇ ਰਿਸ਼ੀਕੇਸ਼ ਦੀ ਸ਼ਾਨ ਲਕਸ਼ਮਣ ਝੂਲਾ ਲੰਘੇ ਐਤਵਾਰ ਨੂੰ ਆਮ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਹੁਕਮ ਪੀ.ਡਬਲੀਊ. ਡੀ ਵੱਲੋਂ ਜਾਰੀ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਲਕਸ਼ਮਣ ਝੂਲੇ ਦੇ ਪੁਲ ਨੂੰ ਲੈ ਕੇ ਹਾਲ ਹੀ 'ਚ ਤਕਨੀਕੀ ਪ੍ਰੀਖਣ ਕੀਤੇ ਗਏ ਸਨ, ਜਿੰਨ੍ਹਾਂ 'ਚ ਪੁਲ ਸਬੰਧੀ ਕਈ ਕਮਜ਼ੋਰੀਆਂ ਨਜ਼ਰ ਆਈਆਂ। ਇਸੇ ਕਾਰਨ ਪ੍ਰਸ਼ਾਸਨ ਨੇ ਆਮ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਦਿਆਂ ਇਸ ਪੁਲ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।
ਇਹ ਪੁਲ ਅੰਗ੍ਰੇਜ਼ਾਂ ਦੇ ਜ਼ਮਾਨੇ ਦਾ ਕਰੀਬ 96 ਸਾਲ ਪਹਿਲਾਂ ਬਣਿਆ ਸੀ। ਰਿਸ਼ੀਕੇਸ਼ ਆਉਣ ਵਾਲੇ ਸੈਲਾਨੀਆਂ ਲਈ ਇਹ ਪੁਲ ਕਾਫੀ ਖਿੱਚ ਦਾ ਕੇਂਦਰ ਸੀ। ਪਰ ਹੁਣ ਇਸ 'ਤੋਂ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ।