ਮਾਨਸਾ 14 ਜੁਲਾਈ - ਸਿਲਵਰ ਸਿਟੀ ਮਾਨਸਾ ਦੇ ਵਸਨੀਕਾਂ ਵੱਲੋਂ ਇੱਕ ਮੀਟਿੰਗ ਕਰਕੇ ਆਪਣੀਆਂ ਸਾਰੀਆਂ ਕੋਠੀਆਂ ਵੇਚਣ ਦਾ ਫੈਸਲਾ ਕੀਤਾ ਹੈ ਕਿਉਂਕਿ ਕਲੋਨਾਈਜਰ ਪੁੱਡਾ ਅਪਰੂਵਡ ਸਿਲਵਰ ਸਿਟੀ ਦੇ ਨਾਲ ਲੱਗਦੀ ਖੇਤੀਬਾੜੀ ਜਮੀਨ ਵਿੱਚ ਨਜਾਇਜ ਪਲਾਟ ਕੱਟ ਕੇ ਉਸ ਨੂੰ ਪੁੱਡਾ ਅਪਰੂਵਡ ਕਲੋਨੀ ਦੇ ਨਾਲ ਗੈਰ ਕਾਨੂੰਨੀ ਜੋੜਿਆ ਜਾ ਰਿਹਾ ਹੈ ਅਤੇ ਕਲੋਨਾਈਜਰ ਨੇ ਪੁੱਡਾ ਅਪਰੂਵਡ ਕਲੋਨੀ ਸਿਲਵਰ ਸਿਟੀ ਦੀਆਂ ਬਾਹਰੀ ਕੰਧਾਂ ਨੂੰ ਗੈਰ ਕਾਨੂੰਨੀ ਢਾਹ ਕੇ ਦੋ ਰਸਤੇ ਬਣਾ ਕੇ ਨਵੇਂ ਕੱਟੇ ਗਏ ਪਲਾਟਾਂ ਨਾਲ ਰਸਤਾ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਿਲ੍ਹਾ ਪ੍ਰਸ਼ਾਸ਼ਨ ਨੂੰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਕਲੋਨੀ ਵਾਸੀਆਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਪਰ ਪ੍ਰਸ਼ਾਸ਼ਨ ਵੱਲੋਂ ਗੈਰ ਕਾਨੂੰਨੀ ਤੌਰ ਤੇ ਢਾਹੀ ਗਈ ਕੰਧ ਦਾ ਅਤੇ ਗੈਰ ਕਾਨੂੰਨੀ ਕੱਟੇ ਗਏ ਪਲਾਟਾਂ ਦਾ ਕੋਈ ਨੋਟਿਸ ਨਾ ਲੈਣ ਕਰਕੇ ਬਣਦੀ ਕਾਨੂੰਨੀ ਕਾਰਵਾਈ ਨਾ ਹੋਣ ਕਰਕੇ ਕਲੋਨੀ ਵਾਸੀਆਂ ਨੇ ਸਮੂਹਿਕ ਤੌਰ ਤੇ ਆਪਣੀਆਂ ਸਿਲਵਰ ਸਿਟੀ ਵਾਲੀਆਂ ਕਲੋਨੀਆਂ ਵਿਕਾਊ ਕਰ ਦਿੱਤੀਆਂ ਹਨ।
ਇਸ ਸਮੇਂ ਹਰਵਿੰਦਰ ਭਾਰਦਵਾਜ, ਗੁਰਪ੍ਰੀਤ ਸਿੰਘ ਬਣਾਂਵਾਲੀ, ਉੱਗਰ ਸਿੰਘ ਖਾਲਸਾ, ਪ੍ਰਿੰਸੀਪਲ ਐਮ.ਆਰ ਮਿੱਤਲ, ਰਾਜੇਸ਼ ਬਹਿਣੀਵਾਲ, ਈਸ਼ਵਰ ਕੁਮਾਰ ਭੋਲਾ, ਤਰਸੇਮ ਚੰਦ ਪੱਪੂ, ਅਜੈਬ ਸਿੰਘ, ਅੰਮ੍ਰਿਤਪਾਲ ਸਿੰਘ ਰਾਏਪੁਰ, ਪਵਨ ਕੁਮਾਰ ਰਾਏਪੁਰ, ਅਮਰੀਕ ਸਿੰਘ ਰਾਏਪੁਰ, ਅੰਮ੍ਰਿਤਪਾਲ ਅਤੇ ਹੋਰ ਸਾਰੇ ਕਲੋਨੀ ਵਾਸੀ ਪਰਿਵਾਰਾਂ ਸਮੇਤ ਹਾਜਰ ਸਨ। ਕਲੋਨੀ ਵਾਸੀਆਂ ਨੇ ਪ੍ਰਸ਼ਾਸ਼ਨ ਨੂੰ ਕਿਹਾ ਜੇ ਗੈਰ ਕਾਨੂੰਨੀ ਤੌਰ ਤੇ ਕੰਧ ਢਾਹੁਣ ਅਤੇ ਨਜਾਇਜ ਪਲਾਟ ਕੱਟਣ ਬਾਰੇ ਕਲੋਨਾਈਜਰ ਤੇ ਕੋਈ ਕਾਰਵਾਈ ਨਾ ਕੀਤੀ ਤਾਂ ਆਉਂਦੇ ਦਿਨਾਂ ਵਿੱਚ ਪਰਿਵਾਰਾਂ ਸਮੇਤ ਧਰਨਾ, ਪ੍ਰਦਰਸ਼ਨ ਕੀਤਾ ਜਾਵੇਗਾ।