ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 15 ਜੁਲਾਈ 2019 -ਪੰਜਾਬ ਸਰਕਾਰ ਵੱਲੋਂ 2017 ਵਿਚ ਵੀ ਆਈ ਪੀ ਕਲਚਰ ਖ਼ਤਮ ਕਰਨ ਲਈ ਅਫ਼ਸਰਾਂ ਅਤੇ ਹੋਰ ਵੀ ਆਈ ਪੀਜ਼ ਦੀਆਂ ਗੱਡੀਆਂ ਤੇ ਲਾਲ ਬੱਤੀ ਦੀ ਲਈ ਪਾਬੰਦੀ ਕਾਇਮ ਹੈ ਅਤੇ ਇਹ ਨਹੀਂ ਹਟਾਈ ਗਈ . ਸਰਕਾਰ ਦੇ ਇੱਕ ਆਲ੍ਹਾ ਅਫ਼ਸਰ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਹੀ ਨਵੇਂ ਮੋਟਰ ਵਹੀਕਲ ਐਕਟ ਦੇ ਰੂਲਜ਼ ਵਿਚ ਹੀ ਲਾਲ ਬੱਤੀਆਂ ਤੇ ਪਾਬੰਦੀ ਲਾ ਦਿੱਤੀ ਹੈ ਜੋ ਕਿ ਸਾਰੇ ਮੁਲਕ ਤੇ ਲਾਗੂ ਹੁੰਦੀ ਹੈ ਇਸ ਲਈ ਪੰਜਾਬ ਸਰਕਾਰ ਵੱਲੋਂ ਲਾਲ ਬੱਤੀ ਦੀ ਪਾਬੰਦੀ ਲਾਈ ਜਾਰੀ ਕੀਤੇ ਹੁਕਮ ਵਾਪਸ ਲੈ ਗਏ ਹਨ
ਪੰਜਾਬ ਸਰਕਾਰ ਵੱਲੋਂ ਸਰਕਾਰੀ ਅਫ਼ਸਰਾਂ ਦੀਆਂ ਗੱਡੀਆਂ 'ਤੇ ਲਾਲ ਬੱਤੀਆਂ ਲਾਉਣ 'ਤੇ ਪਾਬੰਦੀ ਲਾਈ ਗਈ ਸੀ, ਜਿਸ ਬਾਰੇ ਇੰਨ੍ਹੀਂ ਦਿਨੀਂ ਪਿਛਲੇ ਜੂਨ ਮਹੀਨੇ ਦਾ ਇੱਕ ਹੋਰ ਸਰਕੂਲਰ ਅਫਸਰਾਂ ਕੋਲ ਘੁੰਮ ਰਿਹਾ ਹੈ। ਸਰਕੂਲਰ ਅਨੁਸਾਰ ਪੰਜਾਬ ਸਰਕਾਰ ਨੇ ਕੇਂਦਰੀ ਮੋਟਰ ਵਾਹਨਾਂ ਦੇ ਨਿਯਮਾਂ 1989 ਦੇ ਨਿਯਮ 108 ਦੇ ਪ੍ਰੋਵਿਜ਼ਨਜ਼ ਦੇ ਤਹਿਤ ਪੰਜਾਬ ਦੇ ਅਫਸਰਾਂ ਦੀਆਂ ਗੱਡੀਆਂ 'ਤੇ ਲਾਲ ਬੱਤੀਆਂ 'ਤੇ ਲਾਈ ਪਾਬੰਦੀ ਨੂੰ ਹਟਾਉਣ ਦੇ ਹੁਕਮ ਕੀਤੇ ਹਨ। ਇਹ ਹੁਕਮ ਪੰਜਾਬ ਗਵਰਨਰ ਵੱਲੋਂ ਕੀਤੇ ਗਏ ਹਨ ਕਿ ਅਫਸਰਾਂ ਦੀਆਂ ਗੱਡੀਆਂ 'ਤੇ ਲਾਲ ਬੱਤੀਆਂ ਦੀ ਪਾਬੰਦੀ ਨੂੰ ਤੁਰੰਤ ਹਟਾ ਲਿਆ ਜਾਏ।
ਇਸ ਸਬੰਧੀ ਜਦ ਸਰਕਾਰੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਹੁਕਮ ਪੰਜਾਬ ਸਰਕਾਰ ਦੁਆਰਾ ਰੱਦ ਜਰੂਰ ਕੀਤੇ ਗਏ ਨੇ ਪਰ ਇਸਦਾ ਮਤਲਬ ਇਹ ਨਹੀਂ ਕਿ ਪੰਜਾਬ ਸਰਕਾਰ ਨੇ ਲਾਲ ਬੱਤੀਆਂ ਲਾਉਣ ਦੀ ਪਰਮਿਸ਼ਨ ਦਿੱਤੀ ਹੋਵੇ। ਉਨ੍ਹਾਂ ਕਿਹਾ ਇਹ ਫੈਸਲਾ ਤਾਂ ਲਿਆ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਨੇ ਵੀਆਈਪੀ ਵ੍ਹੀਕਲਜ਼ 'ਤੇ ਲਾਲ ਬੱਤੀਆਂ ਦੀ ਪਾਬੰਦੀ ਦਾ ਨਿਯਮ ਸੈਂਟਰਲ ਐਕਟ 'ਚ ਹੀ ਪਾ ਦਿੱਤਾ ਹੈ ਤੇ ਹੁਣ ਲਾਲ ਬੱਤੀਆਂ ਬੈਨ ਦਾ ਨਿਯਮ ਪੂਰੇ ਭਾਰਤ 'ਚ ਹੀ ਲਾਗੂ ਹੋ ਗਿਆ ਹੈ। ਜਿਸ ਦਾ ਮਤਲਬ ਹੁਣ ਪੰਜਾਬ ਸਰਕਾਰ ਨੂੰ ਲਾਲ ਬੱਤੀਆਂ ਬੈਨ ਕਰਨ ਦੀ ਕੋਈ ਲੋੜ ਨਹੀਂ ਹੈ ਸਗੋਂ ਸਿੱਧਾ ਕੇਂਦਰ ਸਰਕਾਰ ਨੇ ਹੀ ਇਸ ਨੂੰ ਸੈਂਟਰਲ ਐਕਟ 'ਚ ਪਾ ਬੈਨ ਕਰ ਦਿੱਤਾ ਹੈ।
ਪੰਜਾਬ ਸਰਕਾਰ ਵਲੋਂ 14 ਜੂਨ 2009 ਨੂੰ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ
ਮੋਟਰ ਵਹੀਕਲ ਐਕਟ ਦਾ ਰੂਲ 108 ਜਿਸ ਦੇ ਅਧਾਰ ਤੇ ਪੰਜਾਬ ਸਰਕਾਰ ਵਲੋਂ ਆਪਣੇ ਪਹਿਲੇ ਹੁਕਮ ਵਾਪਸ ਲਏ ਗਏ