ਬ੍ਰਹਮਗਿਅਾਨੀ 108 ਸੰਤ ਬਾਬਾ ਵਚਨ ਸਿੰਘ ਜੀ ਦਾ ਸਰੂਪ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 15 ਜੁਲਾਈ : ਮਹਾਨ ਤਪੱਸਵੀ 108 ਸੰਤ ਬਾਬਾ ਵਚਨ ਸਿੰਘ ਦੇ ਪਵਿੱਤਰ ਸਥਾਨ ਡੇਰਾ ਭਜਨਗੜ੍ਹ ਗੋਲੂ ਕਾ ਮੋੜ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਸਾਲਾਨਾ ਜੋੜ ਮੇਲੇ ਮੌਕੇ ਅੱਜ ਪਹਿਲੀ ਸਾਵਣ 16 ਜੁਲਾਈ 2019 ਦਿਨ ਮੰਗਲਵਾਰ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਣਗੇ ।
ਉੱਤਰੀ ਭਾਰਤ ਦੇ ਇਸ ਪ੍ਰਸਿੱਧ ਧਾਰਮਿਕ ਸਥਾਨ ਉਪਰ ਦੇਸ਼ ਵਿਦੇਸ਼ ਤੋ ਸ਼ਰਧਾਲੂ ਸੰਗਤ ਦੇ ਰੂਪ ਵਿੱਚ ਸ਼ਾਮਲ ਹੁੰਦੇ ਹਨ ।
ਸੰਤ ਬਾਬਾ ਵਚਨ ਸਿੰਘ ਜਿੰਨਾ ਪੂਰਾ ਜੀਵਨ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਅਤੇ ਮਨੁੱਖਤਾ ਦੇ ਭਲੇ ਲਈ ਲਗਾਇਆ, ਉਨ੍ਹਾਂ ਡੇਰਾ ਭਜਨਗੜ੍ਹ ਦੀ ਸਥਾਪਨਾ ਪਿੰਡ ਲਾਲੇ ਵਾਲਾ ਜ਼ਿਲ੍ਹਾ ਮਿੰਟ ਗੁੰਮਰੀ ਪਾਕਿਸਤਾਨ ਵਿੱਚ ਕੀਤੀ ਸੀ ।
ਭਜਨਗੜ੍ਹ ਵਿਖੇ ਉਨ੍ਹਾਂ ਗਊ ਗਰੀਬ ਦੀ ਸੇਵਾ ਕਰਨ , ਗੁਰੂ ਸਾਹਿਬਾਨ ਵੱਲੋਂ ਦਰਸਾਏ
" ਨਾਮ ਜਪੋ ਕਿਰਤ ਕਰੋ ਵੰਡ ਛਕੋ "
ਦੇ ਸੰਦੇਸ਼ ਉੱਪਰ ਪਹਿਰਾ ਦੇਣ ਦਾ ਰਸਤਾ ਭਜਨਗੜ੍ਹ ਨਾਲ ਜੁੜੀਆਂ ਸੰਗਤਾਂ ਨੂੰ ਦਿਖਾਇਆ ।
ਦੇਸ਼ ਦੀ ਵੰਡ ਤੋਂ ਬਾਅਦ ਡੇਰਾ ਭਜਨਗੜ੍ਹ ਦੀ ਸਥਾਪਨਾ ਪਿੰਡ ਗੋਲੂ ਕਾ ਮੋੜ ਤਹਿਸੀਲ ਗੁਰੂਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ ਪੰਜਾਬ ਵਿੱਚ ਹੋਈ ।
ਇੱਥੇ ਵੀ ਹਰੇਕ ਸੰਗਰਾਂਦ ਨੂੰ ਅਖੰਡ ਪਾਠ ਦੇ ਭੋਗ ਪਾਉਣ ਤੋਂ ਇਲਾਵਾ ਪੂਰਾ ਸਾਲ ਗੁਰੂ ਸਾਹਿਬਾਨ ਦੇ ਆਉਂਦੇ ਪ੍ਰਕਾਸ਼ ਉਤਸਵ ਅਤੇ ਸ਼ਹੀਦੀ ਦਿਹਾੜਿਆਂ ਉੱਪਰ ਧਾਰਮਿਕ ਸਮਾਗਮ ਸਜਾਏ ਜਾਂਦੇ ਹਨ ।
ਬਾਬਾ ਵਚਨ ਸਿੰਘ ਜੀ ਵੱਲੋਂ ਚਲਾਈ ਪਰੰਪਰਾ ਅਨੁਸਾਰ ਮਹੀਨਾ ਮੱਘਰ ਅਤੇ ਮਹੀਨਾ ਹਾੜ੍ਹ ਵਿੱਚ ਅਖੰਡ ਪਾਠ ਦੇ ਰੂਪ ਗੁਰੂ ਗੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਪ੍ਰਵਾਹ ਚੱਲਦੇ ਹਨ ।
ਪਹਿਲੀ ਸਾਵਣ ਨੂੰ ਹਰ ਸਾਲ ਸਾਲਾਨਾ ਜੋੜ ਮੇਲਾ ਭਰਦਾ ਹੈ ।
ਇਸ ਮੇਲੇ ਵਿੱਚ ਵੱਖ - ਵੱਖ ਸੰਪਰਦਾਵਾਂ ਨਾਲ ਜੁੜੇ ਹੋਏ ਸੰਤ ਮਹਾਂ ਪੁਰਸ਼ ਪੁੱਜਦੇ ਹਨ । ਵੱਖ - ਵੱਖ ਰਾਗੀ ਢਾਡੀ , ਕਥਾ ਵਾਚਕ ਅਤੇ ਕੀਰਤਨੀ ਜਥੇ ਪੁੱਜ ਕੇ ਸੰਗਤਾਂ ਨੂੰ ਇਤਿਹਾਸ ਅਤੇ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ ।
ਇਸ ਵਾਰ ਇਲਾਕੇ ਭਰ ਦੀ ਸਾਧ ਸੰਗਤ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਪੂਰਾ ਦਿਨ ਗੁਰਬਾਣੀ ਕੀਰਤਨ ਦੇ ਪ੍ਰਵਾਹ ਚੱਲਣਗੇ ।
ਪ੍ਰਬੰਧਕਾਂ ਵੱਲੋਂ ਕਬੱਡੀ ਦੇ ਕਰਵਾਏ ਜਾ ਰਹੇ ਮੁਕਾਬਲਿਆਂ ਵਿੱਚ ਦੇਸ਼ ਦੀਆਂ ਨਾਮੀ ਟੀਮਾਂ ਪੁੱਜ ਕੇ ਰਹੀਆਂ ਹਨ ।
ਹਰ ਸਾਲ ਵਾਂਗ ਇਸ ਵਾਰ ਵੀ ਕਬੱਡੀ ਦੇ ਫਸਵੇਂ ਮੈਚ ਦਰਸ਼ਕਾਂ ਦੀ ਰੌਚਿਕਤਾ ਨੂੰ ਵਧਾਉਣਗੇ । ਗੁਰੂ ਦਾ ਅਤੁੱਟ ਲੰਗਰ ਵਰਤੇਗਾ । ਪਿੰਡ ਗੋਲੂ ਕਾ ਮੋੜ ਅਤੇ ਭਜਨਗੜ੍ਹ ਸਾਹਿਬ ਨਾਲ ਜੁੜੀ ਸਾਧ ਸੰਗਤ ਨੇ ਇਸ ਮੌਕੇ ਵੱਧ - ਵੱਧ ਸ਼ਰਧਾਲੂਆਂ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ।