ਲੋਕੇਸ਼ ਰਿਸ਼ੀ
ਗੁਰਦਾਸਪੁਰ, 16 ਜੁਲਾਈ 2019 - ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਪੁਰਾਣੀ ਰੰਜਸ਼ ਨੂੰ ਲੈ ਕੇ ਕੈਦੀਆਂ ਦੇ ਗੁੱਟਾਂ ਵਿਚਕਾਰ ਟਕਰਾਅ ਹੋ ਗਿਆ। ਇਸ ਦੌਰਾਨ ਗੈਂਗਸਟਰ ਗੋਪੀ ਗੋਲੀ ਗਰੁੱਪ ਦੇ ਲੋਕਾਂ ਨੇ ਚਮਚਿਆਂ ਨੂੰ ਬਲੇਡ ਵਜੋਂ ਵਰਤ ਕੇ ਦੂਸਰੇ ਗਰੁੱਪ ਦੇ ਕੈਦੀਆਂ ਤੇ ਹਮਲਾ ਕਰ ਦਿੱਤਾ। ਇਸ ਟਕਰਾਅ ਦੌਰਾਨ 302 ਦੇ ਮੁਕੱਦਮੇ ਅਧੀਨ ਜੇਲ੍ਹ 'ਚ ਬੰਦ ਸੰਨ੍ਹੀ ਅਤੇ ਨਸ਼ੇ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਅਵਤਾਰ ਨੂੰ ਸੱਟਾਂ ਲੱਗੀਆਂ। ਫ਼ਿਲਹਾਲ ਦੋਹਾਂ ਜ਼ਖ਼ਮੀ ਕੈਦੀਆਂ ਦਾ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।
ਵੀ.ਓ :- ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਪਹੁੰਚੇ ਕੈਦੀ ਸੰਨ੍ਹੀ ਅਤੇ ਅਵਤਾਰ ਨੇ ਦੱਸਿਆ ਕਿ ਉਨ੍ਹਾਂ ਉੱਪਰ ਗੋਪੀ ਗੋਲੀ ਗੈਂਗ ਦੇ ਲੋਕਾਂ ਵੱਲੋਂ ਜੇਲ੍ਹ ਵਿੱਚ ਹਮਲਾ ਕੀਤਾ ਗਿਆ ਹੈ। ਜੋ ਉਨ੍ਹਾਂ ਨਾਲ ਹੀ ਗੁਰਦਾਸਪੁਰ ਜੇਲ੍ਹ ਵਿਖੇ ਬੰਦ ਹਨ। ਉਨ੍ਹਾਂ ਦੱਸਿਆ ਕਿ ਗੋਪੀ ਧੜੇ ਦੇ ਬੰਦਿਆਂ ਨੇ ਪਹਿਲਾਂ ਤੋਂ ਹੀ ਹਮਲੇ ਦੀ ਵਿਉਂਤ ਬਣਾ ਰੱਖੀ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਪਹਿਲਾਂ ਹੀ ਚਮਚਿਆਂ ਨੂੰ ਤਿੱਖੇ ਕਰ ਕੇ ਬਲੇਡ ਦਾ ਰੂਪ ਦਿੱਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਬਲੇਡਾਂ ਨਾਲ ਹੀ ਉਨ੍ਹਾਂ ਤੇ ਅਚਾਨਕ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ।
ਉੱਥੇ ਦੂਜੇ ਪਾਸੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮਾਮਲੇ ਦੀ ਜਾਂਚ ਕਰਨ ਪਹੁੰਚੇ ਪੁਲਿਸ ਅਧਿਕਾਰੀ ਸੋਮ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਦੀਆਂ ਦੇ ਦੋ ਧੜਿਆਂ 'ਚ ਝੜਪ ਹੋਣ ਦੀ ਸੂਚਨਾ ਮਿਲੀ ਸੀ ਅਤੇ ਇਸ ਝਗੜੇ ਦੌਰਾਨ ਦੋ ਕੈਦੀ ਜ਼ਖ਼ਮੀ ਵੀ ਹੋਏ ਹਨ। ਸੋਮ ਲਾਲ ਨੇ ਦੱਸਿਆ ਕਿ ਫ਼ਿਲਹਾਲ ਦੋਹਾਂ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਇਲਾਜ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਇੱਥੇ ਜ਼ਿਕਰ-ਏ-ਖ਼ਾਸ ਹੈ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਕੈਦੀਆਂ ਦੀ ਆਪਸੀ ਭਿੜੰਤ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇੱਥੋਂ ਦੇ ਕੈਦੀ ਸਮੇਂ ਸਮੇਂ ਤੇ ਆਪਸ ਵਿਚ ਪਹਿਲਾਂ ਵੀ ਹਿੰਸਾ ਕਰਦੇ ਰਹੇ ਹਨ।