ਚੰਡੀਗੜ੍ਹ/16 ਜੁਲਾਈ 2019 - ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ 16 ਜੁਲਾਈ ਨੂੰ ਦੁਪਹਿਰ 3 ਵਜੇ ਕੋਰ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਸੱਦੀ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਹ ਮੀਟਿੰਗ 2 ਵਜੇ ਰੱਖੀ ਗਈ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਵੱਲੋਂ ਇਸ ਕੋਰ ਕਮੇਟੀ ਦੀ ਮੀਟਿੰਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਬੇਹੱਦ ਸੰਵੇਦਨਸ਼ੀਲ ਕੇਸ ਵਿਚ ਸੀਬੀਆਈ ਵੱਲੋਂ ਦਾਖ਼ਲ ਕੀਤੀ ਕਲੋਜ਼ਰ ਰਿਪੋਰਟ ਦੇ ਮੁੱਦੇ ਨੂੰ ਵਿਚਾਰਿਆ ਜਾਵੇਗਾ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਪਹਿਲਾ ਹੀ ਸੀਬੀਆਈ ਦੀ ਇਸ ਕਾਰਵਾਈ ਉੱਤੇ ਇਤਰਾਜ਼ ਪ੍ਰਗਟ ਕੀਤਾ ਜਾ ਚੁੱਕਿਆ ਹੈ। ਪਾਰਟੀ ਵੱਲੋਂ ਇਸ ਕੇਸ ਨੂੰ ਕਿਸੇ ਤਸੱਲੀਬਖ਼ਸ਼ ਨਤੀਜੇ ਉੱਤੇ ਪਹੁੰਚਾਉਣ ਸੰਬੰਧੀ ਚਰਚਾ ਕੀਤੀ ਜਾਵੇਗੀ।