← ਪਿਛੇ ਪਰਤੋ
ਲੁਧਿਆਣਾ 16 ਜੁਲਾਈ 2019: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਬਜ਼ੀ ਵਿਗਿਆਨ ਵਿਭਾਗ ਦੇ ਵਿਦਿਆਰਥੀ ਕਰਮਵੀਰ ਸਿੰਘ ਗਰਚਾ ਨੇ ਯੂਨੀਵਰਸਿਟੀ ਪੀ.ਐਚ.ਡੀ. ਦੇ ਖੋਜ ਕਾਰਜ ਲਈ ਪ੍ਰਧਾਨ ਮੰਤਰੀ ਡਾਕਟਰਲ ਫੈਲੋਸ਼ਿਪ ਪ੍ਰਾਪਤ ਕੀਤੀ ਹੈ । ਇਹ ਫੈਲੋਸ਼ਿਪ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ ਵੱਲੋਂ ਕਨਫਡਰੇਸ਼ਨ ਆਫ਼ ਇੰਡੀਅਨ ਇੰਡਸਟਰੀ ਦੇ ਸਹਿਯੋਗ ਨਾਲ 4 ਸਾਲ ਲਈ ਦਿੱਤੀ ਜਾਂਦੀ ਹੈ । ਕਰਮਵੀਰ ਸਿੰਘ 'ਪੇਠਾ ਕੱਦੂ ਦੇ ਉਤਪਾਦਨ ਵਿੱਚ ਵਾਧੇ ਅਤੇ ਉਸਦੀ ਉਦਯੋਗਿਕ ਉਪਯੋਗਤਾ' ਦੇ ਮਹੱਤਵ ਬਾਰੇ ਮਹੱਤਵਪੂਰਨ ਖੋਜ ਕਰੇਗਾ । ਇਸ ਦੌਰਾਨ ਉਸਦੇ ਨਿਗਰਾਨ ਸੀਨੀਅਰ ਸਬਜ਼ੀ ਵਿਗਿਆਨੀ ਅਤੇ ਵਿਭਾਗ ਦੇ ਮੁਖੀ ਡਾ. ਅਜਮੇਰ ਸਿੰਘ ਢੱਟ ਹੋਣਗੇ । ਇੱਥੇ ਜ਼ਿਕਰਯੋਗ ਹੈ ਕਿ ਪੇਠਾ ਕੱਦੂ ਦੇ ਖੇਤਰ ਵਿੱਚ ਪੀ.ਏ.ਯੂ. ਵੱਲੋਂ 2018 ਵਿੱਚ ਜਾਰੀ ਕੀਤੀ ਗਈ ਕਿਸਮ 'ਪੀ.ਏ.ਯੂ. ਮਗਜ਼ ਕੱਦੂ-1' ਦੀ ਬੇਕਰੀ ਅਤੇ ਤੇਲ ਉਦਯੋਗ ਵਿੱਚ ਭਾਰੀ ਮੰਗ ਹੈ । ਖੋਜਾਰਥੀ ਕਰਮਵੀਰ ਸਿੰਘ ਪਿੰਡ ਕੁਹਾੜਾ ਜ਼ਿਲ•ਾ ਲੁਧਿਆਣਾ ਦਾ ਰਹਿਣ ਵਾਲਾ ਹੈ । ਉਸਨੇ ਆਪਣੀ ਬੀ.ਐੱਸ.ਸੀ. ਅਤੇ ਐੱਮ.ਐੱਸ.ਸੀ. (ਵੈਜੀਟੇਬਲ) ਪੀ.ਏ.ਯੂ. ਤੋਂ ਕੀਤੀ ਹੈ । ਨਿਗਰਾਨ ਡਾ. ਢੱਟ ਨੇ ਦੱਸਿਆ ਕਿ ਉਹ ਇੱਕ ਸ਼ੁਰੂ ਤੋਂ ਹੀ ਹੋਣਹਾਰ ਵਿਦਿਆਰਥੀ ਹੈ ਅਤੇ ਵਿੱਦਿਆ ਪ੍ਰਾਪਤੀ ਲਈ ਮੈਰਿਟ ਸਕਾਲਰਸ਼ਿਪ ਲੈਂਦਾ ਰਿਹਾ ਹੈ । ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ 'ਪਦਮ ਸ਼੍ਰੀ' ਐਵਾਰਡੀ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ, ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਵਿਦਿਆਰਥੀ ਅਤੇ ਉਸਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਵੀ।
Total Responses : 928