← ਪਿਛੇ ਪਰਤੋ
ਚੰਡੀਗੜ੍ਹ 16 ਜੁਲਾਈ 2019: ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵਿਜੀਲੈਂਸ ਟੀਮ ਫ਼ਿਰੋਜ਼ਪੁਰ ਨੇ ਤਹਿਸੀਲ ਜ਼ੀਰਾ ਦੇ ਮਾਲ ਹਲਕਾ ਠੱਠਾ ਕਿਸ਼ਨ ਸਿੰਘ 'ਚ ਤਾਇਨਾਤ ਪਟਵਾਰੀ ਰਾਜਿੰਦਰ ਸਿੰਘ ਉਰਫ਼ ਰਾਜੂ ਨੂੰ ਇੱਕ ਕਿਸਾਨ ਪਾਸੋਂ 4 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਟੀਮ ਦੇ ਇੰਚਾਰਜ ਇੰਸਪੈਕਟਰ ਸੱਤ ਪ੍ਰੇਮ ਸਿੰਘ ਨੇ ਦੱਸਿਆ ਕਿ ਬੂਟਾ ਸਿੰਘ ਵਾਸੀ ਠੱਠਾ ਕਿਸ਼ਨ ਸਿੰਘ ਵਾਲਾ ਕਿਸਾਨ ਨੇ ਜਮ੍ਹਾਬੰਦੀ ਤੇ ਹੋਰ ਕਾਗ਼ਜ਼ ਠੀਕ ਕਰਵਾਉਣੇ ਸਨ ਅਤੇ ਜ਼ਮੀਨ ਦੀ ਗਿਰਦਾਵਰੀ ਪਿਤਾ ਦੇ ਨਾਮ ਤੋਂ ਬਦਲ ਕੇ ਬੂਟਾ ਸਿੰਘ ਦੇ ਨਾਮ ਕਰਨੀ ਸੀ। ਉਸ ਕੰਮ ਨੂੰ ਕਰਨ ਬਦਲੇ ਪਟਵਾਰੀ ਰਾਜਿੰਦਰ ਸਿੰਘ ਉਰਫ਼ ਰਾਜੂ ਨੇ ਉਸ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਤਾਂ ਇਸ ਸਬੰਧੀ ਉਸ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕਰ ਦਿੱਤੀ ਜਿਸ ਦੇ ਆਧਾਰ 'ਤੇ ਅੱਜ ਫ਼ਰਦ ਕੇਂਦਰ ਜ਼ੀਰਾ 'ਚ ਪਟਵਾਰੀ ਰਾਜਿੰਦਰ ਸਿੰਘ ਰਾਜੂ ਮਾਲ ਹਲਕਾ ਠੱਠਾ ਕਿਸ਼ਨ ਸਿੰਘ ਨੂੰ ਉਕਤ ਕਿਸਾਨ ਪਾਸੋਂ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਵਿਜੀਲੈਂਸ ਟੀਮ ਦੇ ਮੁਖੀ ਇੰਸਪੈਕਟਰ ਸੱਤ ਪ੍ਰੇਮ ਸਿੰਘ ਨੇ ਦੱਸਿਆ ਕਿ ਉਕਤ ਪਟਵਾਰੀ ਵਿਰੁੱਧ ਭ੍ਰਿਸ਼ਟਾਚਾਰ ਮਾਮਲੇ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ।
Total Responses : 930