ਬਰਸਾਤੀ ਪਾਣੀ ਦੀ ਨਿਕਾਸੀ ਉਪਰੰਤ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਦਾ ਦ੍ਰਿਸ਼
ਬਠਿੰਡਾ, 16 ਜੁਲਾਈ 2019: ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿਚ ਦੱਸਿਆ ਕਿ ਜ਼ਿਲੇ ਦੇ ਕਿਸੇ ਵੀ ਨੀਵੇਂ ਇਲਾਕੇ ਖਾਸ ਤੌਰ 'ਤੇ ਸ਼ਹਿਰ ਅਤੇ ਕਸਬਿਆਂ ਵਿਚ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਕਿਸੇ ਵੀ ਖੇਤਰ ਦੇ ਵਿਅਕਤੀ ਨੂੰ ਇਸ ਸਬੰਧੀ ਮੁਸ਼ਕਿਲ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਇਹ ਵੀ ਦੱਸਿਆ ਕਿ ਬਰਸਾਤੀ ਪਾਣੀ ਨੂੰ ਮੋਟਰਾਂ ਅਤੇ ਮਸ਼ੀਨਾਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਵਲੋਂ ਆਪਸੀ ਤਾਲਮੇਲ ਕਰਕੇ ਕਈ ਨੀਵੇਂ ਇਲਾਕਿਆਂ ਵਿਚੋਂ ਪਾਣੀ ਦੀ ਮੁਕੰਮਲ ਨਿਕਾਸੀ ਕਰ ਦਿੱਤੀ ਗਈ ਹੈ ਅਤੇ ਬਾਕੀ ਰਹਿ ਗਏ ਇਲਾਕਿਆਂ ਵਿਚੋਂ ਵੀ ਪਾਣੀ ਜਲਦ ਹੀ ਕੱਢ ਦਿੱਤਾ ਜਾਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਡਾ. ਰਿਸ਼ੀਪਾਲ ਨੇ ਦੱਸਿਆ ਕਿ ਲਗਾਤਾਰ ਤਕਰੀਬਨ 6 ਘੰਟੇ ਹੋਈ ਇਸ ਬਾਰਿਸ਼ ਨਾਲ ਸ਼ਹਿਰ ਅਤੇ ਆਸ-ਪਾਸ ਦੇ ਕਈ ਨੀਵੇਂ ਇਲਾਕਿਆਂ ਵਿਚ ਪਾਣੀ ਖੜਾ ਹੋ ਗਿਆ ਸੀ। ਉਨਾਂ ਦੱਸਿਆ ਕਿ ਸ਼ਿਰਕੀ ਬਜ਼ਾਰ, ਮਾਲ ਰੋਡ, ਪਰਸਰਾਮ ਨਗਰ, ਪਾਵਰ ਹਾਊਸ ਰੋਡ, ਧੋਬੀਆਣਾ ਰੋਡ ਅਤੇ ਬੱਸ ਸਟੈਂਡ ਦੇ ਨਾਲ ਲਗਦੇ ਨੀਵੇਂ ਇਲਾਕੇ ਹਾਜੀਰਤਨ ਚੌਂਕ ਆਦਿ ਵਿਚ ਪਾਣੀ ਖੜਾ ਹੋ ਗਿਆ ਸੀ। ਬਰਸਾਤੀ ਪਾਣੀ ਨਾਲ ਪ੍ਰਭਾਵਿਤ ਇਨਾਂ ਇਲਾਕਿਆਂ ਵਿਚ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਟੀਮਾਂ ਬਣਾ ਕੇ ਪਾਣੀ ਕੱਢਣ ਦੇ ਲਗਾਤਾਰ ਯਤਨ ਜਾਰੀ ਹਨ। ਉਨਾਂ ਦੱਸਿਆ ਕਿ ਇਨਾਂ ਵਿਚੋਂ ਕੁਝ ਇਲਾਕਿਆਂ ਵਿੱਚੋਂ ਮੁਕੰਮਲ ਤੌਰ 'ਤੇ ਪਾਣੀ ਦੀ ਨਿਕਾਸੀ ਹੋ ਚੁੱਕੀ ਹੈ ਅਤੇ ਬਾਕੀ ਰਹਿ ਗਏ ਇਲਾਕਿਆਂ ਵਿਚੋਂ ਵੀ ਜਲਦ ਹੀ ਬਰਸਾਤੀ ਪਾਣੀ ਦਾ ਨਿਕਾਸ ਕਰ ਦਿੱਤਾ ਜਾਵੇਗਾ।
ਡਾ. ਰਿਸ਼ੀਪਾਲ ਨੇ ਦੱਸਿਆ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਟੀਮਾਂ ਦਾ ਕੰਮ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਬਰਸਾਤੀ ਪਾਣੀ ਨੂੰ ਮੁਕੰਮਲ ਤੌਰ 'ਤੇ ਬਾਹਰ ਨਹੀਂ ਕੱਢ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੰਮ ਦੇਰ ਸ਼ਾਮ ਤੱਕ ਚੱਲਣ ਦੀ ਸੰਭਾਵਨਾ ਹੈ। ਉਨਾਂ ਦੱਸਿਆ ਕਿ ਆਮ ਤੌਰ 'ਤੇ ਪੂਰੇ ਸਾਲ ਵਿਚ ਜ਼ਿਲੇ ਅੰਦਰ 350 ਐਮ.ਐਮ. ਬਾਰਿਸ ਹੁੰਦੀ ਹੈ ਜਦੋਂ ਕਿ ਕੱਲ ਬੀਤੇ ਸਮੇਂ ਵਿਚ ਕੁਝ ਹੀ ਘੰਟਿਆਂ ਦੌਰਾਨ ਹੀ ਵਿਚ ਹੀ ਹੋਈ 178 ਐਮ.ਐਮ. ਬਾਰਿਸ ਨੇ ਪਿਛਲੇ ਲੰਮੇ ਸਮੇਂ ਦੇ ਰਿਕਾਰਡ ਤੋੜ ਦਿੱਤੇ ਹਨ।