ਗਲੀਆਂ ਚ ਭਰਿਆ ਪਾਣੀ ,ਲੋਕਾਂ ਨੂੰ ਘਰਾਂ 'ਚ ਜਾਣਾ ਹੋਇਆ ਮੁਸ਼ਕਿਲ
ਨਗਰ ਪੰਚਾਇਤ ਮਮਦੋਟ ਨੂੰ ਵਾਰ ਵਾਰ ਅਰਜੋਈ ਕਰਨ ਤੇ ਨਹੀਂ ਹੋਈ ਕੋਈ ਸੁਣਵਾਈ
ਪਿੰਡ ਵਿਚ ਨਹੀਂ ਹੈ ਪਾਣੀ ਦੀ ਨਿਕਾਸੀ ਦਾ ਕੋਈ ਢੁਕਵਾਂ ਪ੍ਰਬੰਧ
ਮਮਦੋਟ ,16 ਜੁਲਾਈ (ਨਿਰਵੈਰ ਸਿੰਘ ਸਿੰਧੀ ) - ਸਮੇ ਸਮੇ ਦੀਆਂ ਸਰਕਾਰਾਂ ਵੱਲੋਂ ਸਰਬਪੱਖੀ ਵਿਕਾਸ ਦੀਆਂ ਬਹੁਤ ਡੀਂਗਾਂ ਮਾਰੀਆਂ ਜਾਂਦੀਆਂ ਹਨ ਵੱਡੇ ਵੱਡੇ ਪ੍ਰੋਜੈਕਟ ਲਗਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਪਰੰਤੂ ਅੱਜ ਜਦੋ ਮੌਨਸੂਨ ਨੇ ਆਪਣਾ ਰੰਗ ਵਿਖਾਇਆ ਤਾਂ ਸਰਕਾਰਾਂ ਵੱਲੋਂ ਕੀਤੇ ਸਰਬਪੱਖੀ ਵਿਕਾਸ ਦੇ ਕੀਤੇ ਜਾਂਦੇ ਦਾਹਵੇ ਖੋਖਲੇ ਸਾਬਿਤ ਹੋਏ। ਇਥੇ ਦੱਸਣਯੋਗ ਹੈ ਕਿ ਨਗਰ ਪੰਚਾਇਤ ਮਮਦੋਟ ਦੀ ਵਾਰਡ ਨੰਬਰ 10 ਅਧੀਨ ਆਉਂਦੇ ਪਿੰਡ ਬਸਤੀ ਕਸ਼ਮੀਰ ਸਿੰਘ ਵਾਲੀ ਵਿਚ ਮੌਨਸੂਨ ਦੀ ਪਹਿਲੀ ਭਾਰੀ ਬਰਸਾਤ ਨਾਲ ਹੀ ਗਲੀਆਂ ਜਲਥਲ ਹੋ ਗਈਆਂ ਹਨ ਅਤੇ ਐਦਾ ਮਹਿਸੂਸ ਹੁੰਦਾ ਹੈ ਜਿਵੇ ਕਿਸੇ ਦਰਿਆ ਵਿੱਚ ਘਰ ਬਣਾਏ ਗਏ ਹੋਣ। ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਅੱਜ ਸਵੇਰੇ ਭਾਰੀ ਬਰਸਾਤ ਹੋਣ ਕਰਕੇ ਪਿੰਡ ਦੀਆਂ ਸਾਰੀਆਂ ਗਲੀਆਂ ਵਿਚ ਪਾਣੀ ਭਰ ਗਿਆ ਹੈ ਓਹਨਾ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਦਾ ਸੀਵਰੇਜ ਦਾ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਉਹ ਪਾਣੀ ਵੀ ਗਲੀਆਂ ਵਿਚ ਹੀ ਘੁੰਮਦਾ ਰਹਿੰਦਾ ਹੈ ਜਿਸ ਨਾਲ ਭਿਆਨਿਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਘਰਾਂ ਵਿਚ ਛੋਟੇ ਛੋਟੇ ਬੱਚੇ ਹੋਣ ਹਮੇਸ਼ਾ ਓਹਨਾ ਦਾ ਪਾਣੀ ਵਿੱਚ ਡੁੱਬਣ ਦਾ ਖਤਰਾ ਬਣਿਆ ਰਹਿੰਦਾ ਹੈ, ਓਹਨਾਂ ਕਿਹਾ ਕਿ ਗਲੀਆਂ ਵਿੱਚੋ ਲੰਘਣਾ ਬਹੁਤ ਹੀ ਔਖਾ ਹੋ ਚੁੱਕਾ ਹੈ ਓਹਨਾ ਇਹ ਵੀ ਦੱਸਿਆ ਕਿ ਪਿੰਡ ਕੋਲ ਪਾਣੀ ਦੀ ਨਿਕਾਸੀ ਵਾਸਤੇ ਕੋਈ ਵੀ ਜਗਾਹ ਨਹੀਂ ਹੈ।
ਓਹਨਾਂ ਆਪਣਾ ਦੁਖੜਾ ਰੋਂਦਿਆਂ ਦੱਸਿਆ ਕਿ ਜਦੋ ਦਾ ਸਾਡਾ ਪਿੰਡ ਨਗਰ ਪੰਚਾਇਤ ਮਮਦੋਟ ਦੇ ਅਧੀਨ ਆਇਆ ਹੈ ਉਸ ਦਿਨ ਤੋਂ ਲੈਕੇ ਅਸੀਂ ਕਈ ਵਾਰ ਨਗਰ ਪੰਚਾਇਤ ਮਮਦੋਟ ਦੇ ਨੂੰ ਇਸ ਦੀ ਸ਼ਿਕਾਇਤ ਵੀ ਕਰ ਚੁੱਕੇ ਹਾਂ ਪਰੰਤੂ ਕੋਈ ਵੀ ਸੁਣਵਾਈ ਨਹੀਂ ਹੋਈ ਹੈ। ਹੁਣ ਪਿੱਛਲੇ ਦਿਨੀਂ ਨਗਰ ਪੰਚਾਇਤ ਮਮਦੋਟ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਨਾਰੰਗ ਨੂੰ ਕਹਿਣ ਨਾਲ ਵੀ ਕੋਈ ਹੱਲ ਨਹੀਂ ਹੋਇਆ ਹੈ। ਪਿੰਡ ਵਾਲਿਆਂ ਨੇ ਕਿਹਾ ਕਿ ਜੇਕਰ ਨਗਰ ਪੰਚਾਇਤ ਸਾਡੀ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕਦੀ ਤਾਂ ਸਾਡਾ ਪਿੰਡ ਨਗਰ ਪੰਚਾਇਤ ਦੇ ਅਧਿਕਾਰ ਖੇਤਰ ਤੋਂ ਬਾਹਰ ਕਰ ਦਿਤਾ ਜਾਵੇ ਅਤੇ ਪਿੰਡ ਦੀ ਅਲੱਗ ਪੰਚਾਇਤ ਬਣਾ ਕੇ ਸਰਪੰਚ ਬਣਾਇਆ ਜਾਵੇ ਤਾਂ ਜੋ ਸਾਡੀ ਇਸ ਮੁਸ਼ਕਿਲ ਦਾ ਹਾਲ ਕੱਢਿਆ ਜਾ ਸਕੇ।
ਕੀ ਕਹਿੰਦੇ ਹਨ ਈ ਓ :- ਜਦੋ ਇਸ ਬਾਰੇ ਨਗਰ ਪੰਚਾਇਤ ਮਮਦੋਟ ਦੇ ਈ ਓ ਗੌਰਵ ਕੁਮਾਰ ਨਾਲ ਫੋਨ 'ਤੇ ਗੱਲਬਾਤ ਕਰਨੀ ਚਾਹੀ ਤਾਂ ਓਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।