ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਗੋਪਾਲ ਕਲੋਨੀ ਵਿਖੇ ਰਾਹਤ ਕਾਰਜਾਂ ਦਾ ਜਾਇਜਾ ਲੈਂਦੇ ਹੋਏ। ਉਨ੍ਹਾਂ ਦੇ ਨਾਲ ਐਸ.ਡੀ.ਐਮ. ਸ. ਰਵਿੰਦਰ ਸਿੰਘ ਅਰੋੜਾ, ਐਸ.ਈ. ਸ. ਦਵਿੰਦਰ ਸਿੰਘ ਵੀ ਨਜਰ ਆ ਰਹੇ ਹਨ।
ਪਟਿਆਲਾ, 16 ਜੁਲਾਈ 2019: ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਜਲ ਨਿਕਾਸ ਮਹਿਕਮੇ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਪਟਿਆਲਾ ਦੀ ਗੋਪਾਲ ਕਲੋਨੀ ਵੱਡਾ ਅਰਾਈ ਮਾਜਰਾ, ਨੇੜੇ ਗਊਸ਼ਾਲਾ ਸਨੌਰ ਰੋਡ ਦਾ ਦੌਰਾ ਕੀਤਾ। ਵੱਡੀ ਨਦੀ ਦਾ ਪਾਣੀ ਉਛਲਣ ਕਰਕੇ ਇਸ ਕਲੋਨੀ 'ਚ ਦਾਖਲ ਹੋ ਗਿਆ ਸੀ, ਜਿਸ ਕਰਕੇ ਇੱਥੇ ਦੇ ਕਰੀਬ 250 ਘਰ ਪ੍ਰਭਾਵਤ ਹੋਏ ਹਨ, ਜਿਥੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਦਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਚੱਲ ਰਹੇ ਬਚਾਅ ਕਾਰਜਾਂ ਦੀ ਖ਼ੁਦ ਨਿਗਰਾਨੀ ਕੀਤੀ ਅਤੇ ਪਟਿਆਲਾ ਦੇ ਐਸ.ਡੀ.ਐਮ. ਸ. ਰਵਿੰਦਰ ਸਿੰਘ, ਜੋਕਿ ਪ੍ਰਭਾਵਤ ਇਲਾਕੇ 'ਚ ਮੌਜੂਦ ਸਨ, ਨੂੰ ਹਦਾਇਤ ਕੀਤੀ ਕਿ ਸਾਰੇ ਨਾਗਰਿਕਾਂ ਖਾਸ ਕਰਕੇ ਬੱਚਿਆਂ ਅਤੇ ਔਰਤਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾਵੇ ਅਤੇ ਇਨ੍ਹਾਂ ਦੇ ਖਾਣ ਪੀਣ ਸਮੇਤ ਦਵਾਈਆਂ ਆਦਿ ਦੇ ਲੋੜੀਂਦੇ ਪ੍ਰਬੰਧਾਂ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਦੇ ਨਾਲ ਡੀ.ਐਸ.ਪੀ. ਯੋਗੇਸ਼ ਕੁਮਾਰ ਵੀ ਮੌਜੂਦ ਸਨ।
ਉਨ੍ਹਾਂ ਨੇ ਜਲ ਨਿਕਾਸ ਦੇ ਨਿਗਰਾਨ ਇੰਜੀਨੀਅਰ ਸ. ਦਵਿੰਦਰ ਸਿੰਘ ਨੂੰ ਆਦੇਸ਼ ਦਿੱਤੇ ਕਿ ਪਾਣੀ ਦੀ ਨਿਕਾਸੀ ਲਈ ਪ੍ਰਬੰਧਾਂ 'ਚ ਕੋਈ ਢਿੱਲ ਨਹੀਂ ਆਉਣੀ ਚਾਹੀਦੀ ਅਤੇ ਇਸ 'ਚ ਕਿਸੇ ਕਿਸਮ ਦੀ ਰੁਕਾਵਟ ਨੂੰ ਤੁਰੰਤ ਦੂਰ ਕੀਤਾ ਜਾਵੇ ਅਤੇ ਜੇਕਰ ਕੋਈ ਇਸ 'ਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਸ੍ਰੀ ਕੁਮਾਰ ਅਮਿਤ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਮੁੱਚੇ ਜ਼ਿਲ੍ਹੇ ਅੰਦਰਲੀਆਂ ਨਦੀਆਂ-ਨਾਲਿਆਂ 'ਚ ਪਾਣੀ ਦੇ ਪੱਧਰ 'ਤੇ ਨਜ਼ਰ ਰੱਖ ਰਹੇ ਹਨ ਅਤੇ ਪੂਰੀ ਸਥਿਤੀ ਨਿਯੰਤਰਣ ਹੇਠਾਂ ਹੈ। ਜਦੋਂਕਿ ਪਟਿਆਲਾ ਦੀ ਵੱਡੀ ਨਦੀ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਡੇਢ ਫੁੱਟ ਹੇਠਾਂ ਵਗਦਾ ਰਿਹਾ ਹੈ। ਇਸ ਲਈ ਲੋਕਾਂ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਡਰਨ ਦੀ ਲੋੜ ਨਹੀਂ ਪਰੰਤੂ ਫਿਰ ਵੀ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸੰਭਾਵਤ ਖ਼ਤਰੇ ਨਾਲ ਨਜਿੱਠਣ ਦੇ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 'ਤੇ ਪਾਣੀ ਆਉਣ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨਾਗਰਿਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਤੇ ਕਿਸੇ ਵੀ ਖ਼ਤਰੇ ਵਾਲੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲ ਨਿਕਾਸ ਵਿਭਾਗ ਅਤੇ ਪਟਿਆਲਾ ਪੁਲਿਸ ਨੂੰ ਸੁਚੇਤ ਰਹਿਣ ਦੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਨੀਂਵੇ ਇਲਾਕਿਆਂ ਜਿੱਥੇ ਪਾਣੀ ਭਰਨ ਦਾ ਖਦਸ਼ਾ ਹੈ, ਉਥੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਮੈਰਿਜ ਪੈਲੇਸਾਂ, ਗੁਰਦੁਆਰਿਆਂ ਅਤੇ ਹੋਰ ਸੁਰੱਖਿਅਤ ਥਾਵਾਂ ਵਿਖੇ ਪਾਣੀ ਵਾਲੇ ਖੇਤਰ ਵਿੱਚੋਂ ਬਾਹਰ ਕੱਢੇ ਨਾਗਰਿਕਾਂ ਦੇ ਰਹਿਣ, ਖਾਣ-ਪੀਣ ਤੇ ਦਵਾਈਆਂ ਆਦਿ ਦਾ ਸਮੁੱਚਾ ਪ੍ਰਬੰਧ ਕੀਤਾ ਹੋਇਆ ਹੈ ਜਦੋਂਕਿ ਕਿਸੇ ਨਾਗਰਿਕ ਦੇ ਪਾਣੀ 'ਚ ਘਿਰਨ ਦੀ ਸੂਰਤ 'ਚ ਉਸਨੂੰ ਸੁਰੱਖਿਅਤ ਬਾਹਰ ਕੱਢਣ ਲਈ ਗੋਤਾਖੋਰਾਂ ਸਮੇਤ ਹੋਰ ਲੋਂੜੀਦੇ ਵੀ ਪ੍ਰਬੰਧ ਕੀਤੇ ਹੋਏ ਹਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਥਾਨਕ ਵਸਨੀਕਾਂ ਨਾਲ ਮੁਲਾਕਾਤ ਕਰਕੇ ਗੱਲਬਾਤ ਵੀ ਕੀਤੀ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਲਗਾਤਾਰ ਬਰਸਾਤ ਪੈਣ ਕਰਕੇ ਅਤੇ ਪਿੱਛੋਂ ਪਾਣੀ ਆਉਣ ਕਰਕੇ ਵੱਡੀ ਨਦੀ 'ਚ ਪਾਣੀ ਆਇਆ ਹੈ ਪਰ ਸਥਿਤੀ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ।
ਇਸ ਮੌਕੇ ਜਲ ਨਿਕਾਸ ਵਿਭਾਗ ਦੇ ਨਿਗਰਾਨ ਇੰਜੀਨੀਅਰ ਸ. ਦਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਬਰਸਾਤੀ ਨਦੀਆਂ ਤੇ ਨਾਲਿਆਂ ਸਮੇਤ ਦਰਿਆਵਾਂ 'ਚ ਪਾਣੀ ਦੇ ਵਹਾਓ 'ਤੇ ਉਨ੍ਹਾਂ ਦੇ ਵਿਭਾਗ ਵੱਲੋਂ ਪੂਰੀ ਚੌਕਸੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਕੋਈ ਢਿੱਲ ਨਹੀ ਵਰਤੀ ਜਾ ਰਹੀ।