← ਪਿਛੇ ਪਰਤੋ
ਜਗਦੀਸ਼ ਥਿੰਦ ਫ਼ਾਜ਼ਿਲਕਾ, 17 ਜੁਲਾਈ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਿਖੇ ਨੌਜਵਾਨਾਂ ਨੂੰ ਮੁੱਢਲੀ ਸਹਾਇਤਾ ਸਬੰਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜ਼ਿਲ੍ਹੇ ਅੰਦਰ ਸਫਲਤਾਪੂਰਵਕ ਚੱਲ ਰਹੇ ਇਸੇ ਪ੍ਰੋਜੈਕਟ ਦੀ ਲੜੀ ਤਹਿਤ ਅੱਜ ਮੁੱਢਲੀ ਸਹਾਇਤਾ ਦੇ 56ਵੇਂ ਬੈਚ ਦੀ ਸ਼ੁਰੂਆਤ ਕੀਤੀ ਗਈ। ਨੌਜਵਾਨਾ ਨੂੰ ਮੁੱਢਲੀ ਸਹਾਇਤਾ ਦੀ ਟ੍ਰੇਨਿੰਗ ਦੇਣ ਲਈ ਤਾਇਨਾਤ ਕੀਤੇ ਗਏ ਰਿਟਾਇਰਡ ਲੈਕਚਰਾਰ ਸ੍ਰੀ ਤਿਲਕ ਰਾਜ ਚੁੱਘ ਵੱਲੋਂ ਰੋਜ਼ਾਨਾ 2 ਘੰਟੇ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਸਬੰਧੀ ਸ੍ਰੀ ਚੁੱਘ ਨੇ ਦੱਸਿਆ ਕਿ ਇਸ ਬੈਚ ਵਿਖੇ 90 ਬੱਚੇ ਹਨ, ਜਿਨ੍ਹਾਂ ਨੂੰ ਇਕ ਹਫਤਾ ਮੁੱਢਲੀ ਸਹਾਇਤਾ ਸਬੰਧੀ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਦੌਰਾਨ ਨੌਜਵਾਨਾਂ ਨੂੰ ਕਿਸੇ ਸੜਕ ਦੁਰਘਟਨਾ ਜਾਂ ਹੋਰ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਡਾਕਟਰੀ ਸਹਾਇਤਾ ਜਾਂ ਇਲਾਜ ਤੋਂ ਪਹਿਲਾਂ ਦਿੱਤੀ ਜਾਂਦੀ ਮੁੱਢਲੀ ਸਹਾਇਤਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਪ੍ਰਾਪਤ ਕਰਕੇ ਨੌਜਵਾਨ ਰੋਜ਼ੀ ਰੋਟੀ ਕਮਾਉਣ ਦੇ ਨਾਲ-ਨਾਲ ਕਿਸੇ ਵਿਅਕਤੀ ਦੀ ਜਾਨ ਬਚਾਉਣ ਦੇ ਵੀ ਕਾਬਲ ਬਣ ਜਾਣਗੇ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਉਪਰੰਤ ਅਗਲੇ ਦਿਨ ਨੌਜਵਾਨਾਂ ਦਾ ਟੈਸਟ ਲਿਆ ਜਾਵੇਗਾ ਅਤੇ ਪਾਸ ਹੋਏ ਬੱਚਿਆਂ ਨੂੰ ਸਟੇਟ ਸੇਂਟ ਜੌਨ ਐਂਬੂਲੈਂਸ ਵੱਲੋਂ ਸਰਟੀਫਿਕੇਟ ਤਕਸੀਮ ਕੀਤੇ ਜਾਣਗੇ। 3 ਸਾਲ ਮਿਆਦ ਵਾਲੇ ਇਸ ਸਰਟੀਫਿਕੇਟ ਨਾਲ ਨੌਜਵਾਨ ਬੱਸ ਕੰਡਕਟਰ ਦਾ ਲਾਇਸੰਸ ਹਾਸਲ ਕਰਕੇ ਆਪਣੇ ਰੋਜ਼ਗਾਰ ਦਾ ਸਾਧਨ ਬਣਾ ਸਕਣਗੇ। ਉਨ੍ਹਾਂ ਹੋਰਨਾ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਟ੍ਰੇਨਿੰਗ ਲੈ ਕੇ ਇਸ ਦਾ ਲਾਹਾ ਹਾਸਲ ਕਰਨ। ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਸ੍ਰੀ ਸੁਭਾਸ਼ ਅਰੋੜਾ ਨੇ ਟ੍ਰੇਨਿੰਗ ਦੌਰਾਨ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਉਂਦਿਆਂ ਇਸ ਦਾ ਸੇਵਨ ਕਰਨ ਤੋਂ ਗੁਰੇਜ਼ ਕਰਨ ਬਾਰੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਨੌਜਵਾਨ ਵਰਗ ਦੇਸ਼ ਦਾ ਭਵਿੱਖ ਹਨ ਤੇ ਉਨ੍ਹਾਂ ਨੂੰ ਆਪਣਾ ਧਿਆਨ ਮਾੜੇ ਪਾਸੇ ਨਾ ਲਾਉਂਦੇ ਹੋਏ ਸਮਾਜ ਨੂੰ ਪ੍ਰਗਤੀ ਵੱਲ ਲਿਜਾਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਪਿੰਡਾਂ 'ਚ ਜਾ ਕੇ ਹੋਰਨਾਂ ਨੌਜਵਾਨਾਂ ਨੂੰ ਨਸ਼ੇ ਵਿਰੁੱਧ ਜਾਗਰੂਕ ਕਰਨ ਤਾਂ ਜੋ ਨਸ਼ੇ ਰੂਪੀ ਕੋਹੜ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਇਸ ਮੌਕੇ ਟ੍ਰੇਨਿੰਗ ਲੈਣ ਵਾਲੇ ਸਿਖਿਆਰਥੀ ਅਤੇ ਰੈਡ ਕਰਾਸ ਸੋਸਾਇਟੀ ਦਾ ਸਟਾਫ ਮੌਜੂਦ ਸੀ।
Total Responses : 267