ਨਵਾਂ ਸ਼ਹਿਰ, 17 ਜੁਲਾਈ, 2019: ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨਵੀਂ ਦਿੱਲੀ ਨੂੰ ਕਿਸੇ ਵੀ ਮਨੁੱਖੀ ਹੱਕਾਂ ਦੀ ਉਲੰਘਣਾ ਸਬੰਧੀ ਸ਼ਿਕਾਇਤ ਹੁਣ ਜ਼ਿਲ੍ਹੇ ’ਚ ਸਥਾਪਿਤ ਕਾਮਨ ਸਰਵਿਸ ਸੈਂਟਰਾਂ (ਪੇਂਡੂ ਤੇ ਸ਼ਹਿਰੀ ਦੋਵੇਂ) ਰਾਹੀਂ ਵੀ ਕੀਤੀ ਜਾ ਸਕੇਗੀ। ਕਮਿਸ਼ਨ ਵੱਲੋਂ ਇਨ੍ਹਾਂ ਕਾਮਨ ਸਰਵਿਸ ਕੇਂਦਰਾਂ ਰਾਹੀਂ ਸ਼ਿਕਾਇਤ ਅਪਲੋਡ ਕਰਨ ਲਈ 30 ਰੁਪਏ ਦੀ ਸੇਵਾ ਫ਼ੀਸ ਤੈਅ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜਨਰਲ ਤੇ ਸ਼ਿਕਾਇਤਾਂ) ਸ੍ਰੀ ਸ਼ਿਵ ਕੁਮਾਰ ਨੇ ਦੱਸਿਆ ਕਿ ਕਾਮਨ ਸਰਵਿਸ ਸੈਂਟਰਾਂ ਤੋਂ ਇਲਾਵਾ ਸ਼ਿਕਾਇਤ ਕਰਤਾ ਕਮਿਸ਼ਨ ਦੇ ਆਨਲਾਈਨ ਪੋਰਟਲ ... ’ਤੇ ਵੀ ਸ਼ਿਕਾਇਤ ਦਰਜ ਕਰ ਸਕਦਾ ਹੈ। ਇਸ ਤੋਂ ਇਲਾਵਾ ਡਾਕ ਰਾਹੀਂ ਜਾਂ ਸਪੀਡ ਪੋਸਟ ਰਾਹੀਂ, ਮਦਦ ਟੋਲ ਫ੍ਰੀ ਨੰ. 14433 ਰਾਹੀਂ, ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਫ਼ਤਰ ’ਚ ਸਥਿਤ ਮੱਦਦ ਕੇਂਦਰ ’ਚ ਨਿੱਜੀ ਤੌਰ ’ਤੇ ਪਹੁੰਚ ਕਰਕੇ ਅਤੇ ਮੋਬਾਇਲ ਫ਼ੋਨ ਨੰ. 9810298900 ’ਤੇ ਸੰਪਰਕ ਕਰਕੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਕਾਮਨ ਸਰਵਿਸ ਸੈਂਟਰਾਂ ਰਾਹੀਂ ਸ਼ਿਕਾਇਤ ਦਰਜ ਕਰਵਾਉਣ ਸਬੰਧੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਹਾਲ ’ਚ ਸਮਝੌਤਾ ਸਹੀਬੰਦ ਕੀਤਾ ਗਿਆ ਹੈ ਤਾਂ ਜੋ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ’ਚ ਬੈਠੇ ਲੋਕਾਂ ਨੂੰ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਸਬੰਧੀ ਦੂਰ ਨਾ ਜਾਣਾ ਪਵੇ।