← ਪਿਛੇ ਪਰਤੋ
ਬਠਿੰਡਾ, 17 ਜੁਲਾਈ 2019: ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਅੰਦਰ ਬਰਸਾਤੀ ਪਾਣੀ ਨਾਲ ਪ੍ਰਭਾਵਿਤ ਹੋਏ ਸ਼ਹਿਰ ਦੇ ਸਲੱਮ ਏਰੀਆ ਵਿਚ ਰਹਿਣ ਵਾਲੇ ਲੋਕਾਂ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਰਾਹਤ ਕਾਰਜ ਆਰੰਭ ਕੀਤੇ ਗਏ ਹਨ। ਉਨਾਂ ਕਿਹਾ ਕਿ ਨੀਵੇਂ ਇਲਾਕਿਆਂ ਵਿਚ ਜਮਾਂ ਹੋਏ ਬਰਸਾਤੀ ਪਾਣੀ ਦੀ ਨਿਕਾਸੀ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਹਰ ਤਰਾਂ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਨੀਵਿਆਂ ਇਲਾਕਿਆਂ ਵਿਚ ਜਮਾਂ ਹੋਏ ਬਰਸਾਤੀ ਪਾਣੀ ਨੂੰ ਮੋਟਰਾਂ ਅਤੇ ਮਸ਼ੀਨਾਂ ਆਦਿ ਨਾਲ ਵੱਖ-ਵੱਖ ਵਿਭਾਗਾਂ ਵਲੋਂ ਆਪਸੀ ਤਾਲਮੇਲ ਕਰਕੇ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਬਰਸਾਤੀ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਵਿਚੋਂ ਵੀ ਪਾਣੀ ਜਲਦ ਹੀ ਬਾਹਰ ਕੱਢ ਦਿੱਤਾ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀ ਵਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਤਹਿਤ ਸਥਾਨਕ ਗੁਰੂ ਨਾਨਕ ਪੁਰਾ ਮੁਹੱਲਾ ਵਾਸੀਆਂ ਨੂੰ ਸਮਰਪਿਤ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ 250 ਲੋੜਵੰਦ ਵਿਅਕਤੀਆਂ ਨੂੰ ਘਰ-ਘਰ ਜਾ ਕੇ ਲੰਚ ਪੈਕਟ ਅਤੇ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਇਆ ਗਿਆ ਹੈ। ਇਸ ਮੌਕੇ ਉਨਾਂ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਬਰਸਾਤੀ ਪਾਣੀ ਦੀ ਮਾਰ ਝੱਲ ਰਹੇ ਸਲੱਮ ਏਰੀਏ ਦੇ ਹਰ ਲੋੜਵੰਦ ਵਿਅਕਤੀਆਂ ਨੂੰ ਖਾਣੇ ਅਤੇ ਪਾਣੀ ਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਸੈਕਟਰੀ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ, ਸ੍ਰੀ ਚਰਨਜੀਤ ਸਿੰਘ ਭੋਲਾ ਤੋਂ ਇਲਾਵਾ ਸਮਰਪਿਤ ਵੈਲਫ਼ੇਅਰ ਸੁਸਾਇਟੀ ਦੇ ਨੁਮਾਇੰਦੇ ਮੌਂਟੀ ਅਤੇ ਦ੍ਰਵਜੀਤ ਠਾਕੁਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
Total Responses : 267