ਰਣਦੀਪ ਹਾਂਡਾ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਫਾਜ਼ਿਲਕਾ
ਜਗਦੀਸ਼ ਥਿੰਦ
ਫ਼ਾਜ਼ਿਲਕਾ, 17 ਜੁਲਾਈ:
ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਡੇਅਰੀ ਪਾਲਕਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਕਰਵਾਏ ਜਾ ਰਹੇ ਸਿਖਲਾਈ ਕੋਰਸਾਂ ਦੀ ਲੜੀ ਤਹਿਤ 30 ਦਿਨਾਂ ਦਾ ਡੇਅਰੀ ਉੱਦਮ ਸਿਖਲਾਈ ਕੋਰਸ 13 ਅਗਸਤ, 2019 ਨੂੰ ਵੱਖ-ਵੱਖ ਡੇਅਰੀ ਟ੍ਰੇਨਿੰਗ ਸੈਂਟਰਾਂ 'ਤੇ ਕਰਵਾਇਆ ਜਾ ਰਿਹਾ ਹੈ ਜਿਸ ਦੀ ਕੌਂਸਲਿੰਗ 26 ਜੁਲਾਈ, 2019 ਨੂੰ ਰੱਖੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਫ਼ਾਜ਼ਿਲਕਾ ਸ੍ਰੀ ਰਣਦੀਪ ਕੁਮਾਰ ਹਾਂਡਾ ਅਤੇ ਕਾਰਜਕਾਰੀ ਅਫ਼ਸਰ, ਡੇਅਰੀ ਬੋਰਡ ਸ਼੍ਰੀ ਬੀਰਪ੍ਰਤਾਪ ਸਿੰਘ ਗਿੱਲ ਨੇ ਦੱਸਿਆ ਕਿ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ, ਪੰਜਾਬ ਸ੍ਰੀ. ਤ੍ਰਿਪਤ ਰਜਿੰਦਰ ਬਾਜਵਾ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ੍ਰੀ ਇੰਦਰਜੀਤ ਸਿੰਘ ਸਰਾਂ ਦੀ ਯੋਗ ਅਗਵਾਈ ਹੇਠ ਕਰਵਾਏ ਜਾਣ ਵਾਲੇ ਇਨ੍ਹਾਂ ਸਿਖਲਾਈ ਕੋਰਸਾਂ ਦੌਰਾਨ ਡੇਅਰੀ ਪਾਲਕਾਂ ਨੂੰ ਦੁੱਧ ਤੋਂ ਪਦਾਰਥ ਬਣਾਉਣ, ਡੇਅਰੀ ਫ਼ਾਰਮ ਦਾ ਪ੍ਰਬੰਧ, ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ ਅਤੇ ਸੰਤੁਲਤ ਪਸ਼ੂ ਖ਼ੁਰਾਕ ਸਬੰਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਚਾਹਵਾਨ ਡੇਅਰੀ ਪਾਲਕ, ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਹੋਵੇ ਅਤੇ ਉਹ ਘੱਟੋ-ਘੱਟ 5 ਦੁਧਾਰੂ ਪਸ਼ੂਆਂ ਦੇ ਮਾਲਕ ਹੋਣ, 26 ਜੁਲਾਈ, 2019 ਨੂੰ ਦਸਵੀਂ ਦਾ ਸਰਟੀਫ਼ਿਕੇਟ, ਆਧਾਰ ਕਾਰਡ ਸਮੇਤ ਪਾਸਪੋਰਟ ਸਾਈਜ਼ ਫ਼ੋਟੋ ਲੈ ਕੇ, ਆਈ.ਐਫ.ਟੀ.ਸੀ. ਸੈਂਟਰ ਅਬੁਲ ਖੁਰਾਣਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੌਂਸਲਿੰਗ ਲਈ ਹਾਜ਼ਰ ਹੋਣ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਨਿਰਧਾਰਤ ਪ੍ਰੋਫ਼ਾਰਮੇ ਲਈ ਪ੍ਰਾਸਪੈਕਟ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਲਾਕ-ਸੀ ਦੇ ਕਮਰਾ ਨੰਬਰ-508 ਅਤੇ 509 ਵਿਖੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਤੋਂ ਪ੍ਰਾਪਤ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਟੈਲੀਫ਼ੋਨ ਨੰਬਰ-01638-262140 'ਤੇ ਸੰਪਰਕ ਕੀਤਾ ਜਾ ਸਕਦਾ ਹੈ।