ਪਟਿਆਲਾ 17 ਜੁਲਾਈ 2019: ਨਰੋਆ ਪੰਜਾਬ ਦੇ 41 ਮੈਂਬਰੀ ਪੰਜਾਬ ਅਤੇ ਰਾਜਸਥਾਨ ਨਾਲ ਸਬੰਧਿਤ ਵਫਦ ਦੀ ਇੱਕ ਵਿਸ਼ੇਸ਼ ਮੀਟਿੰਗ ਸ਼੍ਰੀ ਐਸ.ਐਸ. ਮਰਵਾਹਾ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੱਦੇ ਤੇ ਵਾਤਾਵਰਣ ਭਵਨ ਪਟਿਆਲਾ ਵਿਖੇ ਕਨਵੀਨਰ ਗੁਰਪ੍ਰੀਤ ਚੰਦਬਾਜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਚੇਅਰਮੈਨ ਐਸ.ਐਸ. ਮਰਵਾਹਾ ਤੋਂ ਇਲਾਵਾ ਮੈਂਬਰ ਸਕੱਤਰ ਕਰੁਨੇਸ਼ ਗਰਗ, ਚਰਨਜੀਤ ਸਿੰਘ ਡਿਪਟੀ ਡਾਇਰੈਕਟਰ ਪਬਲਿਕ ਰਿਲੇਸ਼ਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਹਾਜਰ ਸਨ । ਜਿਕਰਯੋਗ ਹੈ ਕਿ ਨਰੋਆ ਪੰਜਾਬ ਦੇ ਇੱਕ ਵਫਦ ਵੱਲੋਂ ਬੀਤੀ 14 ਜੂਨ ਨੂੰ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇੱਕ ਮੰਗ ਪੱਤਰ ਸੌਂਪ ਕੇ ਪੰਜਾਬ ਦੀ ਇੰਡਸਟਰੀ ਅਤੇ ਸੀਵਰੇਜ ਦੇ ਪਾਣੀ ਨੂੰ ਸਤਲੁਜ਼ ਦਰਿਆ ਵਿੱਚ ਪੈਣ ਤੋਂ ਰੋਕਣ, ਡਾਇੰਗ ਇੰਡਸਟਰੀ ਦਾ ਪਾਣੀ ਸਿੱਧਾ ਧਰਤੀ ਹੇਠ ਜਾਣ ਤੋਂ ਰੋਕਣ ਅਤੇ ਦੋਸ਼ੀ ਇੰਡਸਟਰੀਆਂ ਖਿਲਾਫ ਢੁਕਵੀਂ ਕਾਰਵਾਈ ਕਰਨ ਅਤੇ ਪਲਾਸਟਿਕ ਪ੍ਰਦੂਸ਼ਣ ਦਾ ਸਾਰਥਕ ਅਤੇ ਸਮਾਂਬੱਧ ਹੱਲ ਕਰਨ ਦੀ ਮੰਗ ਕੀਤੀ ਸੀ ਅਤੇ ਮੰਗਾਂ ਦਾ ਹੱਲ ਕਰਲ ਲਈ 40 ਦਿਨ ਦਾ ਸਮਾਂ ਦਿੱਤਾ ਗਿਆ ਸੀ ਅਤੇ 22 ਜੁਲਾਈ ਨੂੰ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਖਿਲਾਫ ਪਟਿਆਲਾ ਵਿਖੇ ਧਰਨਾ ਲਗਾਉਣ ਦਾ ਐਲਾਨ ਕੀਤਾ ਸੀ ।
ਨਰੋਆ ਪੰਜਾਬ ਮੰਚ ਵੱਲੋਂ ਧਰਨੇ ਦੀਆਂ ਵੱਡੀ ਪੱਧਰ ਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਦੇਖ ਕੇ ਨਰੋਆ ਪੰਜਾਬ ਮੰਚ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ, ਜਿਸ ਤੇ ਗੰਭੀਰ ਵਿਚਾਰ ਕਰਨ ਉਪਰੰਤ ਮੰਚ ਵੱਲੋਂ ਇਸ ਨੂੰ ਸਵੀਕਾਰ ਕੀਤਾ ਗਿਆ ਸੀ ਅਤੇ ਅੱਜ ਇਹ ਮੀਟਿੰਗ ਹੋਈ । ਮੀਟਿੰਗ ਵਿੱਚ ਨਰੋਆ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ, ਡਾ. ਅਮਰ ਸਿੰਘ ਅਜਾਦ, ਡਾ. ਏ.ਐਸ. ਮਾਨ, ਲਖਵੀਰ ਸਿੰਘ ਲੱਖਾ ਸਿਧਾਣਾ, ਇੰਜ: ਜਸਕੀਰਤ ਸਿੰਘ, ਇੰਜ. ਕਪਿਲ ਅਰੋੜਾ, ਸਾਬਕਾ ਐਮ.ਐਲ.ਏ. ਤਰਸੇਮ ਜੋਧਾਂ, ਐਮ.ਐਲ.ਏ. ਕੁਲਤਾਰ ਸਿੰਘ ਸੰਧਵਾਂ, ਪ੍ਰੋ: ਭੀਮਇੰਦਰ ਸਿੰਘ, ਡਾ. ਬਲਵੀਰ ਸਿੰਘ, ਮੇਵਾ ਸਿੰਘ ਸਲੇਮਪੁਰਾ, ਕੁਲਦੀਪ ਸਿੰਘ ਚਿਨਾਗਰਾ, ਮਹਿੰਦਰ ਪਾਲ ਲੂੰਬਾ, ਮਹੇਸ਼ ਪੇੜੀਵਾਲ ਰਾਜਸਥਾਨ, ਹਰਦੀਪ ਸਿੰਘ ਡਿਬਡਿਬਾ, ਬਾਬਾ ਹਰਦੇਵ ਸਿੰਘ ਰਾਜਸਥਾਨ, ਜਗਪਾਲ ਸਿੰਘ ਪਾਤੜਾਂ ਵੱਲੀ ਬੜੇ ਜੋਰ ਸ਼ੋਰ ਨਾਲ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਪਾਣੀਆਂ ਸਮੇਤ ਹੋਰ ਵੀ ਮੁੱਦਿਆਂ ਨੂੰ ਚੁੱਕਿਆ ਗਿਆ, ਜਿਸ ਨੂੰ ਚੇਅਰਮੈਨ ਐਸ.ਐਸ. ਮਰਵਾਹਾ ਵੱਲੋਂ ਬੜੇ ਧਿਆਨ ਅਤੇ ਸੰਜ਼ਮ ਨਾਲ ਸੁਣਿਆ ਗਿਆ । ਇਸ ਮੌਕੇ ਚੇਅਰਮੈਨ ਐਸ.ਐਸ. ਮਰਵਾਹਾ ਨੇ ਕਿਹਾ ਕਿ ਸਾਡੀਆਂ ਸਭ ਦੀਆਂ ਗੈਰ ਜਿੰਮੇਵਾਰੀਆਂ ਕਾਰਨ ਪਾਣੀਆਂ ਦਾ ਮਸਲਾ ਕਾਫੀ ਖਰਾਬ ਹੋ ਚੁੱਕਾ ਹੈ, ਜਿਸ ਨੂੰ ਠੀਕ ਕਰਨ ਲਈ ਕਾਫੀ ਸਮਾਂ ਲੱਗੇਗਾ। ਉਹਨਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਸਰਕਾਰ ਬੜੀ ਗੰਭੀਰਤਾ ਨਾਲ ਇਸ ਮਸਲੇ ਦੇ ਹੱਲ ਲਈ ਯਤਨਸ਼ੀਲ ਹੈ ਅਤੇ ਇਹਨਾ ਯਤਨਾਂ ਦੇ ਹਾਂ ਪੱਖੀ ਨਤੀਜੇ ਅਗਲੇ ਛੇ ਮਹੀਨਿਆਂ ਤੱਕ ਦਿਖਣੇ ਸ਼ੁਰੂ ਹੋ ਜਾਣਗੇ ਅਤੇ 31 ਮਾਰਚ 2021 ਤੱਕ ਦਰਿਆਈ ਪਾਣੀਆਂ ਦੇ ਪ੍ਰਦੂਸ਼ਣ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਇਸ ਵਿੱਚ ਪਾਰਦਰਸ਼ਿਤਾ ਲਿਆਉਣ ਲਈ ਸਾਰੇ ਉਦਯੋਗਾਂ ਦੀਆ ਜਾਂਚ ਰਿਪੋਰਟਾਂ ਆਨ ਲਾਈਨ ਕੀਤੀਆਂ ਜਾਣਗੀਆਂ ਅਤੇ ਪ੍ਰਦੂਸ਼ਣ ਪੁਆਇੰਟਾਂ ਤੇ ਸੀ ਸੀ ਟੀ ਵੀ ਕੈਮਰੇ ਲਗਾਏ ਜਾਣਗੇ, ਜਿਸ ਨੂੰ ਕੋਈ ਵੀ ਨਾਗਰਿਕ ਦੇਖ ਸਕੇਗਾ । ਉਹਨਾ ਪੰਜਾਬ ਪੱਧਰ ਅਤੇ ਜਿਲ੍ਹਾ ਪੱਧਰ ਤੇ ਸਾਂਝੀਆਂ ਕਮੇਟੀਆ ਬਨਾਉਣ ਦਾ ਵੀ ਐਲਾਨ ਕੀਤਾ, ਜਿਸ ਵਿੱਚ ਨਰੋਆ ਪੰਜਾਬ ਮੰਚ ਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ । ਮੀਟਿੰਗ ਉਪਰੰਤ ਕਨਵੀਨਰ ਗੁਰਪ੍ਰੀਤ ਚੰਦਬਾਜਾ ਨੇ ਮੀਟਿੰਗ ਦੀ ਕਾਰਵਾਈ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੱਲਬਾਤ ਅੱਛੇ ਮਹੌਲ ਵਿੱਚ ਹੋਈ ਹੈ ਤੇ ਨਰੋਆ ਪੰਜਾਬ ਮੰਚ ਇਸ ਮੀਟਿੰਗ ਤੋਂ ਚੰਗੇ ਨਤੀਜਿਆਂ ਦੀ ਆਸ ਰੱਖਦਾ ਹੈ, ਇਸ ਲਈ 22 ਜੁਲਾਈ ਦੇ ਧਰਨੇ ਨੂੰ ਮੁਲਤਵੀ ਕਰਕੇ ਅੱਗੇ ਪਾ ਦਿੱਤਾ ਗਿਆ ਹੈ । ਇਸ ਸਬੰਧੀ 15 ਅਗਸਤ ਤੋਂ ਬਾਅਦ ਨਰੋਆ ਪੰਜਾਬ ਮੰਚ ਦੀ ਰਿਵਿਊ ਮੀਟਿੰਗ ਕਰਕੇ ਅੱਗੇ ਫੈਸਲਾ ਲਿਆ ਜਾਵੇਗਾ । ਇਸ ਮੌਕੇ ਗੁਰਸੇਵਕ ਸਿੰਘ ਸੰਨਿਆਸੀ, ਸਰਪੰਚ ਹਰਭਜਨ ਸਿੰਘ ਬਹੋਨਾ, ਜਗਪਾਲ ਸਿੰਘ ਦਿਓਗੜ੍ਹ, ਬਲਦੇਵ ਸਿੰਘ ਗੋਸਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ ਅਤੇ ਰਾਜਸਥਾਨ ਤੋਂ ਨਰੋਆ ਪੰਜਾਬ ਮੰਚ ਦੇ ਆਗੂ ਹਾਜਰ ਸਨ ।