ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ਸਰਦਾਰ ਮਨਪ੍ਰੀਤ ਸਿੰਘ ਛੱਤਵਾਲ
ਜਗਦੀਸ਼ ਥਿੰਦ
ਫ਼ਾਜ਼ਿਲਕਾ, 17 ਜੁਲਾਈ:
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਅੱਤਿਆਚਾਰ ਰੋਕੂ ਐਕਟ, 1989 ਤਹਿਤ ਜ਼ਿਲ੍ਹਾ ਪੱਧਰੀ ਵਿਜੀਲੈਂਸ ਅਤੇ ਮੌਨੀਟਰਿੰਗ ਕਮੇਟੀ ਦੀ ਮੀਟਿੰਗ ਹੋਈ। ਇਸ ਦੌਰਾਨ ਉਨ੍ਹਾਂ ਸਮਾਜਿਕ ਅਧਿਕਾਰਾਂ ਦੀ ਸੁਰੱਖਿਆ ਤਹਿਤ ਬਣੇ ਇਸ ਐਕਟ ਦੇ ਪੀੜਤਾਂ ਨੂੰ ਤੈਅ ਸਮੇਂ ਵਿੱਚ ਨਿਆਂ ਦੇਣ ਲਈ ਸਬੰਧਤ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਐਕਟ ਤਹਿਤ ਦਰਜ ਕੇਸਾਂ ਦੀ ਕਾਰਵਾਈ ਕਰਨ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਅੱਤਿਆਚਾਰ ਰੋਕੂ ਐਕਟ, 1989 ਤਹਿਤ ਜ਼ਿਲ੍ਹੇ ਵਿੱਚ ਕੁੱਲ 22 ਕੇਸ ਦਰਜ ਹੋਏ ਹਨ, ਜਿਹਨਾਂ ਵਿਚੋਂ 6 ਕੇਸਾਂ ਵਿੱਚ ਮੁਆਵਜ਼ਾ ਰਾਸ਼ੀ ਅਤੇ 3 ਕੇਸਾਂ ਵਿੱਚ ਵਾਧੂ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਕਾਰਵਾਈ ਅਧੀਨ ਪਏ ਕੇਸਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਐਕਟ ਤਹਿਤ ਕੇਸ ਦਰਜ ਕਰਨ ਸਮੇਂ ਉਪ ਧਾਰਾਵਾਂ ਜ਼ਰੂਰੀ ਤੌਰ 'ਤੇ ਲਗਾਈਆਂ ਜਾਣ ਅਤੇ ਜੋ ਕੇਸ ਤਫਤੀਸ਼ ਅਧੀਨ ਹਨ, ਉਹਨਾਂ ਦੀ ਤਫਤੀਸ਼ ਜਲਦ ਮੁਕੰਮਲ ਕੀਤੀ ਜਾਵੇ ਤਾਂ ਜੋ ਪੀੜਤ ਨੂੰ ਬਣਦਾ ਲਾਭ ਤੈਅ ਸਮੇਂ ਅੰਦਰ ਦਿੱਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕੇਸਾਂ ਦੀ ਸਹੀ ਤੇ ਸਮਾਂਬੱਧ ਪੈਰਵੀ ਲਈ ਪੁਲਿਸ ਵਿਭਾਗ ਵੱਲੋਂ ਐਸ.ਪੀ. ਰੈਂਕ ਦਾ ਇਕ ਨੋਡਲ ਅਫ਼ਸਰ ਜ਼ਰੂਰ ਤੈਨਾਤ ਕੀਤਾ ਜਾਵੇ। ਉਨ੍ਹਾਂ ਸਾਲ 2016 ਦੌਰਾਨ ਐਕਟ ਦੇ ਰੂਲਾਂ ਵਿੱਚ ਹੋਈਆਂ ਸੋਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਮੈਨੂਅਲ ਸਕਾਵੇਂਜਰ ਐਕਟ, 2013 ਤਹਿਤ ਜ਼ਿਲ੍ਹਾ ਪੱਧਰੀ ਵਿਜੀਲੈਂਸ ਅਤੇ ਮੌਨੀਟਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਖੇਤਰ ਦੇ ਮਲੀਨ ਕਿੱਤੇ ਨਾਲ ਸਬੰਧਤ 25-25 ਸਫ਼ਾਈ ਸੇਵਕਾਂ ਦੀ ਪਿਛਲੇ 2-3 ਮਹੀਨਿਆਂ ਦੀ ਕਾਰਗੁਜ਼ਾਰੀ ਦੇ ਅਧਾਰ 'ਤੇ ਸ਼ਨਾਖ਼ਤ ਕਰਨ ਰਜਿਸਟਰ ਕਰਨ ਅਤੇ ਇਸ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਸਬੰਧਤ ਵਿਭਾਗ ਨੂੰ ਭੇਜਣ ਤਾਂ ਜੋ ਐਕਟ ਮੁਤਾਬਕ ਇਨ੍ਹਾਂ ਸਫ਼ਾਈ ਸੇਵਕਾਂ ਨੂੰ ਬਣਦੀਆਂ ਸਰਕਾਰੀ ਸਹੂਲਤਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਵਜੀਫ਼ੇ ਅਤੇ ਫ਼ੀਸ ਮੁਆਫੀ ਦੇ ਮਿਲਦੇ ਲਾਭ ਦੇਣੇ ਯਕੀਨੀ ਬਣਾਏ ਜਾਣ।
ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਉਹ ਸਫ਼ਾਈ ਕਰਮਚਾਰੀਆਂ ਨੂੰ ਐਕਟ ਮੁਤਾਬਕ ਲੋੜੀਂਦੀਆਂ ਵਰਦੀਆਂ ਅਤੇ ਔਜ਼ਾਰ ਮੁਹੱਈਆ ਕਰਵਾਉਣ ਤਾਂ ਜੋ ਸੀਵਰੇਜ ਦੀ ਸਾਫ਼-ਸਫ਼ਾਈ ਦੇ ਕੰਮ 'ਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਸਮੇਂ ਐਕਟ ਅਤੇ ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਸਾਫ-ਸਫਾਈ ਦੌਰਾਨ ਸੇਫ਼ਟੀ ਕਿੱਟਾਂ ਮੁਹੱਈਆ ਕਰਵਾਈਆ ਜਾਣ ਤਾਂ ਜੋ ਸਫਾਈ ਸੇਵਕਾਂ ਨਾਲ ਕੋਈ ਹਾਦਸਾ ਨਾ ਵਾਪਰ ਸਕੇ। ਮੀਟਿੰਗ ਦੌਰਾਨ ਸਵੱਛ ਭਾਰਤ ਮਿਸ਼ਨ ਤਹਿਤ ਪਿੰਡਾਂ ਤੇ ਸ਼ਹਿਰਾਂ ਵਿੱਚ ਬਣਾਏ ਜਾ ਰਹੇ ਪਖਾਨਿਆਂ ਅਤੇ ਸੀਵਰ ਦੀ ਮਸ਼ੀਨੀ ਸਫ਼ਾਈ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਐਸ.ਪੀ. (ਡੀ) ਸ. ਰਣਬੀਰ ਸਿੰਘ, ਜ਼ਿਲ੍ਹਾ ਭਲਾਈ ਅਫਸਰ-ਕਮ-ਮੈਂਬਰ ਸਕੱਤਰ ਸ. ਬਰਿੰਦਰ ਸਿੰਘ, ਤਹਿਸੀਲ ਭਲਾਈ ਅਫਸਰ ਸ੍ਰੀ ਅਸ਼ੋਕ ਕੁਮਾਰ, ਜ਼ਿਲ੍ਹਾ ਅਟਾਰਨੀ ਸ੍ਰੀ ਆਦਰਸ਼ ਕੁਮਾਰ ਮਹਾਜਨ, ਲੀਡ ਬੈਂਕ ਮੈਨੇਜਰ ਸ੍ਰੀ ਸ਼ਿਵ ਚਰਨ, ਕਮੇਟੀ ਮੈਂਬਰ ਸ੍ਰੀ ਸਤਪਾਲ ਭੂਸਰੀ, ਸ੍ਰੀ ਬਨਵਾਰੀ ਲਾਲ, ਸ੍ਰੀ ਇਕਬਾਲ ਸਿੰਘ, ਸ੍ਰੀ ਸੁਭਾਸ਼ ਚੰਦਰ, ਸ੍ਰੀ ਨਰੇਸ਼ ਕੁਮਾਰ, ਸ੍ਰੀ ਪ੍ਰੇਮ ਕੁਮਾਰ, ਸ੍ਰੀ ਰਜਤ ਕੰਬੋਜ਼ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ