ਸਬ ਤਹਿਸੀਲ ਦੀ ਚਾਰਦੀਵਾਰੀ ਅੰਦਰ ਸੇਵਾ ਕੇਂਦਰ ਵੀ ਹੈ ਮੌਜੂਦ
ਮਮਦੋਟ ,17 ਜੁਲਾਈ (ਨਿਰਵੈਰ ਸਿੰਘ ਸਿੰਧੀ) :- ਲਗਭਗ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਬੀਤੇ ਕੱਲ੍ਹ ਪਏ ਭਾਰੀ ਮੀਂਹ ਨਾਲ ਜਿੱਥੇ ਲੋਕਾਂ ਦਾ ਜਨਜੀਵਨ ਅਸਤ ਵਿਅਸਤ ਕਰ ਕੇ ਰੱਖ ਦਿੱਤਾ ਹੈ ਓਥੇ ਹੀ ਸਰਕਾਰ ਵੱਲੋਂ ਵਿਕਾਸ ਦੇ ਕੀਤੇ ਜਾਂਦੇ ਵੱਡੇ-ਵੱਡੇ ਦਾਵਿਆਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ। ਦੱਸਣਯੋਗ ਹੈ ਕਿ ਇਲਾਕੇ ਵਿੱਚ ਬੀਤੇ ਦਿਨ ਪਏ ਭਾਰੀ ਮੀਂਹ ਨਾਲ ਸਥਾਨਕ ਤਹਿਸੀਲ ਦਫ਼ਤਰ ਵਿੱਚ ਭਾਰੀ ਮਾਤਰਾ 'ਚ ਪਾਣੀ ਭਰਿਆ ਹੋਇਆ ਹੈ ਅਤੇ ਸਬ ਤਹਿਸੀਲ ਮਮਦੋਟ ਦੇ ਦਫਤਰ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ। ਜਿਸ ਕਰਕੇ ਸਬ ਤਹਿਸੀਲ ਮਮਦੋਟ ਵਿਖੇ ਆਪਣੇ ਕੰਮ ਕਰਵਾਉਣ ਵਾਸਤੇ ਆਉਂਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਬ ਤਹਿਸੀਲ ਦਫਤਰ ਦੀ ਚਾਰਦੀਵਾਰੀ ਅੰਦਰ ਸੇਵਾ ਕੇਂਦਰ ਵੀ ਬਣਿਆ ਹੋਇਆ ਹੈ ਜਿੱਥੇ ਲੋਕ ਆਪਣੇ ਅਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਹੋਰ ਕੰਮ ਕਾਰ ਕਰਵਾਉਣ ਵਾਸਤੇ ਆਉਂਦੇ ਰਹਿੰਦੇ ਹਨ। ਸਬ ਤਹਿਸੀਲ ਦੇ ਦਫਤਰ ਬਣੇ ਨੂੰ ਤਕਰੀਬਨ ਦਸ ਸਾਲ ਬੀਤ ਚੁੱਕੇ ਹਨ ਅਤੇ ਇਸ ਸਬ ਤਹਿਸੀਲ ਦਫਤਰ ਦੇ ਏਰੀਏ ਵਿਚ ਇੰਟਰਲੋਕ ਟਾਈਲਾਂ ਆਦਿ ਲਗਾਉਣ ਬਾਰੇ ਕਈ ਵਾਰ ਸਮੇ ਸਮੇ ਦੀਆਂ ਸਰਕਾਰਾਂ ਦੇ ਐੱਮ ਐੱਲ ਏਜ਼ ਨੂੰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ ਪਰੰਤੂ ਇਸ ਦਾ ਕੋਈ ਵੀ ਢੁਕਵਾਂ ਹੱਲ ਨਹੀਂ ਨਿਕਲਿਆ ਹੈ। ਇਲਾਕੇ ਦੇ ਮੋਹਤਬਰ ਲੋਕਾਂ ਅਤੇ ਇੱਥੇ ਕੰਮ ਕਾਰ ਕਰਵਾਉਣ ਆਉਂਦੇ ਕਿਸਾਨਾਂ ਅਤੇ ਇਲਾਕਾ ਨਿਵਾਸੀਆਂ ਨੇ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਬ ਤਹਿਸੀਲ ਅੰਦਰ ਜਲਦੀ ਤੋਂ ਜਲਦੀ ਮਿੱਟੀ ਪੁਆ ਇੰਟਰਲੋਕ ਟਾਈਲਾਂ ਲਗਵਾਈਆਂ ਜਾਣ ਤਾਂ ਜੋ ਇਥੇ ਆਪਣੇ ਕੰਮ ਕਰਵਾਉਣ ਆਏ ਲੋਕਾਂ ਨੂੰ ਬਰਸਾਤਾਂ ਦੇ ਦਿਨਾਂ ਵਿਚ ਇਸ ਮੁਸ਼ਕਿਲ ਤੋਂ ਨਿਜਾਤ ਮਿਲ ਸਕੇ।