← ਪਿਛੇ ਪਰਤੋ
ਔਕਲੈਂਡ 17 ਜੁਲਾਈ 2019 (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵੱਖ-ਵੱਖ ਮਹੱਤਵਪੂਰਨ ਵਿਭਾਗਾਂ ਦੇ ਵਿਚ ਪੰਜਾਬੀਆਂ ਦੀ ਨੌਕਰੀ ਲੱਗਣੀ ਇਸ ਗੱਲ ਦੀ ਗਵਾਹ ਹੈ ਕਿ ਇਹ ਦੇਸ਼ ਜਿੱਥੇ ਬਹੁ-ਕੌਮੀਅਤ ਨੂੰ ਪੂਰਨ ਮਾਨਤਾ ਦਿੰਦਾ ਹੈ ਉਥੇ ਪ੍ਰਵਾਸੀ ਪੰਜਾਬੀਆਂ ਨੇ ਵੀ ਆਪਣੀ ਪੜ੍ਹਾਈ ਅਤੇ ਮਿਹਨਤ ਨੂੰ ਉਸ ਕਦਰ ਪਹੁੰਚਾ ਲਿਆ ਹੈ ਜਿਥੇ ਜਾ ਕੇ ਅਹਿਮ ਚੋਣ ਹੁੰਦੀ ਹੈ। ਇਥੇ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਹੁਣ 'ਏਵੀਏਸ਼ਨ ਸਕਿਊਰਿਟੀ ਸਰਵਿਸ' ਜੋ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਉਤੇ ਸਕਿਊਰਿਟੀ ਚੈਕਿੰਗ ਕਰਦਾ ਹੈ, ਦੇ ਵਿਚ ਇਕ ਦਸਤਾਰਧਾਰੀ ਨੌਜਵਾਨ ਸ੍ਰੀ ਵਰੁਣ ਭਾਰਦਵਾਜ (30) ਜਿਸ ਨੂੰ ਅੰਮ੍ਰਿਤ ਛਕਣ ਉਪਰੰਤ ਪੰਜ ਪਿਆਰਿਆਂ ਵੱਲੋਂ ਸ. ਹਰੀ ਸਿੰਘ ਦਾ ਨਾਮ ਦਿੱਤਾ ਗਿਆ ਸੀ, ਦੀ 'ਏਵੀਏਸ਼ਨ ਸਕਿਊਰਿਟੀ ਅਫਸਰ' ਵਜੋਂ ਚੋਣ ਹੋਈ ਹੈ। ਇਸਨੇ ਆਪਣਾ ਕੰਮ ਔਕਲੈਂਡ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਸ਼ੁਰੂ ਕਰ ਦਿੱਤਾ ਹੈ। ਇਹ ਨੌਜਵਾਨ 6 ਸੈਂਟੀਮੀਟਰ ਵਾਲੀ ਸ੍ਰੀ ਸਾਹਿਬ ਪਹਿਨ ਕੇ ਅਤੇ ਗੋਲ ਦਸਤਾਰ ਸਜਾ ਕੇ ਨੌਕਰੀ ਕਰਦਾ ਹੈ ਅਤੇ ਪੂਰੇ ਸਟਾਫ ਸ਼ਾਇਦ ਨਿਊਜ਼ੀਲੈਂਡ ਦੇ ਵਿਚ ਇਕੋ-ਇਕ ਦਸਤਾਰਧਾਰੀ ਨੌਜਵਾਨ ਹੈ। ਇਸ ਨੌਜਵਾਨ ਨੇ ਇਸ ਨੌਕਰੀ ਦੇ ਲਈ ਲਗਪਗ 150 ਹੋਰ ਉਮੀਦਵਾਰਾਂ ਨੂੰ ਪਛਾੜਿਆ ਹੈ ਅਤੇ ਕਈ ਇੰਟਰਵਿਊਜ਼ ਅਤੇ ਅਸਾਈਨਮੈਂਟਾਂ ਨੂੰ ਪਾਸ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਹ ਨੌਜਵਾਨ ਮੁਢਲੇ ਤੌਰ 'ਤੇ ਹਿੰਦੂ ਪਰਿਵਾਰ ਨਾਲ ਸਬੰਧ ਰੱਖਦਾ ਹੈ ਪਰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਵੀਰੀ ਸਟੇਸ਼ਨ ਰੋਡ, ਵੀਰੀ (ਔਕਲੈਂਡ) ਵਿਖੇ ਲਗਾਤਾਰ ਜਾਣ ਕਰਕੇ ਅਤੇ ਚਲਦੇ ਸਿੱਖੀ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਇਸਨੇ 2017 ਦੇ ਵਿਚ ਅੰਮ੍ਰਿਤ ਛਕ ਲਿਆ ਸੀ ਅਤੇ ਵਰੁਣ ਭਾਰਦਵਾਜ ਤੋਂ ਸ. ਹਰੀ ਸਿੰਘ ਬਣ ਗਿਆ ਸੀ। ਇਸ ਨੌਜਵਾਨ ਦਾ ਜੱਦੀ ਪਿੰਡ ਮਰਹਾਣਾ ਤਹਿਸੀਲ ਤਰਨਤਾਰਨ ਹੈ। ਨਿਊਜ਼ੀਲੈਂਡ ਵਿਖੇ ਇਹ ਨੌਜਵਾਨ 2008 ਦੇ ਵਿਚ ਸ਼ੈਫ਼ ਦੀ ਪੜ੍ਹਾਈ ਕਰਨ ਆਇਆ ਸੀ ਅਤੇ 2009 ਦੇ ਵਿੱਚ ਹੀ ਪੱਕਾ ਹੋ ਗਿਆ ਸੀ। ਇਸ ਵੇਲੇ ਇਹ ਨੌਜਵਾਨ ਇਥੇ ਆਪਣੀ ਧਰਮ ਪਤਨੀ ਸ੍ਰੀਮਤੀ ਅਨੂਮੀਨ ਪ੍ਰੀਤ ਕੌਰ ਅਤੇ 4 ਸਾਲ ਦੇ ਬੇਟੇ ਊਧਮ ਸਿੰਘ ਦੇ ਨਾਲ ਰਹਿ ਰਿਹਾ ਹੈ। ਪਿੰਡ ਰਹਿੰਦੇ ਪਿਤਾ ਸ੍ਰੀ ਸ਼ਾਮ ਸੁੰਦਰ ਅਤੇ ਮਾਤਾ ਸ੍ਰੀਮਤੀ ਸੁਨੀਤਾ ਰਾਣੀ ਨੂੰ ਆਪਣੇ ਇਸ ਹੋਣਹਾਰ ਪੁੱਤਰ ਉਤੇ ਜਰੂਰ ਮਾਣ ਹੋਏਗਾ। ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਅਤੇ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਇਸ ਨੌਜਵਾਨ ਨੂੰ ਬਹੁਤ-ਬਹੁਤ ਮੁਬਾਰਕਬਾਦ।
Total Responses : 189