ਗੁਰਮੁੱਖ ਸਿੰਘ ਨੇ ਆਪਣੇ ਘਰ ਰੇਨ ਵਾਟਰ ਹਾਰਵੈਸਟਿੰਗ ਰੀਚਾਰਜ ਪਿਟ ਬਣਾ ਕੇ ਬਰਸਾਤੀ ਪਾਣੀ ਨੂੰ ਬਚਾਉਣ ਦਾ ਉਪਰਾਲਾ ਕੀਤਾ
ਪਾਣੀ ਦੀ ਇੱਕ-ਇੱਕ ਬੂੰਦ ਬੇਸ਼ਕੀਮਤੀ, ਇਸਨੂੰ ਬਚਾਉਣਾ ਬੇਹੱਦ ਜਰੂਰੀ - ਗੁਰਮੁੱਖ ਸਿੰਘ
ਬਟਾਲਾ, 17 ਜੁਲਾਈ 2019 - ਬਟਾਲਾ ਨੇੜਲੇ ਪਿੰਡ ਰੰਗੀਲਪੁਰ ਦਾ ਕਿਸਾਨ ਗੁਰਮੁੱਖ ਸਿੰਘ ਪਾਣੀ ਦੀ ਸੰਭਾਲ ਲਈ ਦੂਸਰੇ ਲੋਕਾਂ ਲਈ ਮਿਸਾਲ ਬਣਿਆ ਹੈ। ਗੁਰਮੁੱਖ ਸਿੰਘ ਨੇ ਤਿੰਨ ਸਾਲ ਪਹਿਲਾਂ ਆਪਣੇ ਘਰ ਵਿੱਚ ਬਰਸਾਤੀ ਪਾਣੀ ਦੀ ਸੰਭਾਲ ਲਈ ਰੇਨ ਵਾਟਰ ਹਾਰਵੈਸਟਿੰਗ ਰੀਚਾਰਜ ਪਿਟ ਬਣਾਇਆ ਸੀ ਜਿਸ ਦੀ ਮਦਦ ਨਾਲ ਉਹ ਹੁਣ ਤੱਕ ਲੱਖਾਂ ਲੀਟਰ ਬਰਸਾਤੀ ਪਾਣੀ ਨੂੰ ਧਰਤੀ ਹੇਠਾਂ ਭੇਜ ਚੁੱਕਾ ਹੈ।
ਕੁਦਰਤ ਨਾਲ ਪਿਆਰ ਕਰਨ ਵਾਲੇ ਇਸ ਕਿਸਾਨ ਗੁਰਮੁੱਖ ਸਿੰਘ ਵਲੋਂ ਜਿਥੇ ਆਪਣੇ ਖੇਤਾਂ ਵਿੱਚ ਜ਼ਹਿਰਾਂ ਰਹਿਤ ਕੁਦਰਤੀ ਖੇਤੀ ਕੀਤੀ ਜਾਂਦੀ ਹੈ ਉੱਥੇ ਇਹ ਫਸਲਾਂ ਦੀ ਬਿਜਾਈ ਵਿੱਚ ਵੀ ਪਾਣੀ ਦੀ ਬਹੁਤ ਬਚਤ ਕਰਦੇ ਹਨ। ਗੁਰਮੁੱਖ ਸਿੰਘ ਦਿਨੋ-ਦਿਨ ਜ਼ਮੀਨ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਤੋਂ ਬਹੁਤ ਚਿੰਤਤ ਹੈ ਅਤੇ ਉਸ ਨੇ ਪਾਣੀ ਦੀ ਬਚਤ ਲਈ ਆਪਣੇ ਉਪਰਾਲੇ ਸ਼ੁਰੂ ਕੀਤੇ ਹੋਏ ਹਨ। ਗੁਰਮੁੱਖ ਸਿੰਘ ਨੇ ਤਿੰਨ ਸਾਲ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਦੌਰਾ ਕੀਤਾ ਸੀ ਅਤੇ ਉਥੋਂ ਉਨ੍ਹਾਂ ਨੇ ਬਰਸਾਤੀ ਪਾਣੀ ਬਚਾਉਣ ਦੀ ਤਕਨੀਕ ਦੇਖੀ ਸੀ।
ਗੁਰਮੁੱਖ ਸਿੰਘ ਨੇ ਦੱਸਿਆ ਕਿ ਉਸਨੇ ਸਾਲ 2016 ਵਿੱਚ ਆਪਣੇ ਘਰ ਵਿੱਚ ਰੇਨ ਵਾਟਰ ਹਾਰਵੈਸਟਿੰਗ ਰੀਚਾਰਜ ਪਿਟ ਤਿਆਰ ਕੀਤਾ ਸੀ ਅਤੇ ਆਪਣੇ ਘਰ ਦੀ ਛੱਤ ਅਤੇ ਵਿਹੜੇ ਦਾ ਬਰਸਾਤੀ ਪਾਣੀ ਇਸ ਸਿਸਟਮ ਰਾਹੀਂ ਜ਼ਮੀਨ ਹੇਠਾਂ ਭੇਜਿਆ ਹੈ। ਉਸਨੇ ਦੱਸਿਆ ਕਿ ਇਹ ਡਿਜ਼ਾਇਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਹੈ ਜਿਸ ਤਹਿਤ ਉਸਨੇ ਆਪਣੇ ਘਰ ਦੇ ਵਿਹੜੇ ਵਿੱਚ 6 ਬਾਈ 6 ਫੁੱਟ ਦਾ ਟੋਆ ਪੁੱਟ ਕੇ ਇਸਨੂੰ ਟੈਂਕ ਦਾ ਰੂਪ ਦੇ ਦਿੱਤਾ। ਇਸ ਟੈਂਕ ਦੇ ਤਿੰਨ ਹਿੱਸੇ ਕਰ ਦਿੱਤੇ। ਟੈਂਕ ਦੇ ਇੱਕ ਵਿੱਚ ਬਰਸਾਤੀ ਪਾਣੀ ਡਿੱਗਦਾ ਹੈ, ਦੂਜੇ ਹਿੱਸੇ ਵਿੱਚ ਵਿਚਕਾਰ ਫਿਲਟਰ ਲੱਗਾ ਹੈ ਅਤੇ ਅਗਲੇ ਹਿੱਸੇ ਵਿੱਚ ਬੋਰ ਹੈ। ਉਨ੍ਹਾਂ ਦੱਸਿਆ ਕਿ ਬੋਰ 60 ਫੁੱਟ ਡੂੰਗਾ ਹੈ ਅਤੇ ਪਾਈਪ ਦੀ ਚੌੜਾਈ 4 ਇੰਚ ਦੀ ਹੈ। ਗੁਰਮੁੱਖ ਸਿੰਘ ਨੇ ਦੱਸਿਆ ਕਿ 60 ਫੁੱਟ ਦੇ ਬੋਰ ਵਿੱਚ 55 ਫੁੱਟ ਫਿਲਟਰ ਪਾਇਆ ਗਿਆ ਹੈ ਤਾਂ ਜੋ ਪਾਣੀ ਅਸਾਨੀ ਨਾਲ ਜ਼ਮੀਨ ਹੇਠਾਂ ਜਾ ਸਕੇ। ਉਨ੍ਹਾਂ ਦੱਸਿਆ ਕਿ ਰੇਨ ਵਾਟਰ ਹਾਰਵੈਸਟਿੰਗ ਰੀਚਾਰਜ ਪਿਟ ਤਿਆਰ ਕਰਨ ਵਿੱਚ ਉਸਦੀ 25 ਹਜ਼ਾਰ ਰੁਪਏ ਲਾਗਤ ਆਈ ਸੀ।
ਗੁਰਮੁੱਖ ਸਿੰਘ ਨੇ ਦੱਸਿਆ ਕਿ ਰੇਨ ਵਾਟਰ ਹਾਰਵੈਸਟਿੰਗ ਰੀਚਾਰਜ ਪਿਟ ਦੇ ਬਹੁਤ ਫਾਇਦੇ ਹਨ। ਅਜਿਹਾ ਕਰਨ ਨਾਲ ਬਰਸਾਤੀ ਪਾਣੀ ਅਸਾਨੀ ਨਾਲ ਜ਼ਮੀਨ ਹੇਠਾਂ ਜਾ ਸਕੇਗਾ ਜਿਸ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚੇ ਆਵੇਗਾ। ਇਸ ਤੋਂ ਇਲਾਵਾ ਬਰਸਾਤੀ ਪਾਣੀ ਗਲੀਆਂ ਨਾਲੀਆਂ ਵਿੱਚ ਜਾ ਕੇ ਦੂਸ਼ਿਤ ਨਹੀਂ ਹੋਵੇਗਾ। ਇਸਤੋਂ ਇਲਾਵਾ ਬਰਸਾਤੀ ਪਾਣੀ ਨੀਵੇਂ ਥਾਵਾਂ ਵਿੱਚ ਖੜ੍ਹ ਕੇ ਮੱਛਰ, ਮੱਖੀਆਂ ਅਤੇ ਹੋਰ ਬਿਮਾਰੀ ਫੈਲਾਉਣ ਵਾਲੇ ਕੀੜੇ ਮਕੌੜਿਆਂ ਦਾ ਕਾਰਨ ਵੀ ਨਹੀਂ ਬਣੇਗਾ। ਉਨ੍ਹਾਂ ਦੱਸਿਆ ਕਿ ਬਰਸਾਤੀ ਪਾਣੀ ਬਹੁਤ ਸ਼ੁੱਧ ਹੁੰਦਾ ਹੈ। ਜਿਸ ਦੀ ਮਿਸਾਲ ਉਨ੍ਹਾਂ ਆਪਣੇ ਘਰ ਦੇ ਪਾਣੀ ਦੀ ਦਿੱਤੀ ਹੈ। ਗੁਰਮੁੱਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪੀਣ ਵਾਲੇ ਪਾਣੀ ਦਾ ਬੋਰ ਰੇਨ ਵਾਟਰ ਹਾਰਵੈਸਟਿੰਗ ਰੀਚਾਰਜ ਪਿਟ ਦੇ ਨਜ਼ਦੀਕ ਹੈ ਅਤੇ ਹੁਣ ਉਨ੍ਹਾਂ ਦਾ ਪੀਣ ਵਾਲਾ ਪਾਣੀ ਜ਼ਿਆਦਾ ਸ਼ੁੱਧ ਹੋ ਗਿਆ ਹੈ ਅਤੇ ਇਸਦਾ ਟੀ.ਡੀ.ਐੱਸ. ਵੀ ਘੱਟ ਗਿਆ ਹੈ।
ਕਿਸਾਨ ਗੁਰਮੁੱਖ ਸਿੰਘ ਪਾਣੀ ਬਚਾਉਣ ਦਾ ਸੰਦੇਸ਼ ਹੋਰ ਲੋਕਾਂ ਤੱਕ ਵੀ ਪਹੁੰਚਾ ਰਿਹਾ ਹੈ ਅਤੇ ਉਸ ਨੇ ਕਈ ਸਕੂਲਾਂ ਅਤੇ ਗੁਰਦੁਆਰਿਆਂ ਨਾਲ ਸੰਪਰਕ ਕਰਕੇ ਰੇਨ ਵਾਟਰ ਹਾਰਵੈਸਟਿੰਗ ਰੀਚਾਰਜ ਪਿਟ ਬਣਾਉਣ ਲਈ ਉਨ੍ਹਾਂ ਨੂੰ ਰਾਜ਼ੀ ਕੀਤਾ ਹੈ। ਗੁਰਮੁੱਖ ਸਿੰਘ ਦਾ ਮੰਨਣਾ ਹੈ ਕਿ ਪਾਣੀ ਦੀ ਇੱਕ-ਇੱਕ ਬੂੰਦ ਬੇਸ਼ਕੀਮਤੀ ਹੈ ਅਤੇ ਇਸਨੂੰ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ। ਕਿਸਾਨ ਗੁਰਮੁੱਖ ਸਿੰਘ ਵੱਲ ਵੇਖ ਕੇ ਹੋਰ ਲੋਕ ਵੀ ਪਾਣੀ ਦੀ ਬਚਤ ਲਈ ਅੱਗੇ ਆ ਰਹੇ ਹਨ।