ਜਗਦੀਸ਼ ਥਿੰਦ
ਫ਼ਾਜ਼ਿਲਕਾ, 17 ਜੁਲਾਈ: ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ-ਡਿਵੀਜ਼ਨ ਪੱਧਰੀ ਕਬੱਡੀ ਟੂਰਨਾਮੈਂਟ (ਅੰਡਰ 14 ਅਤੇ 18) ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਫ਼ਾਜ਼ਿਲਕਾ ਵਿਖੇ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਸ. ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਖੇਡ ਅਫ਼ਸਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਇੱਕ ਦਿਨਾ ਅੰਡਰ 14/18 ਟੂਰਨਾਮੈਂਟ ਦੌਰਾਨ ਵੱਖ-ਵੱਖ ਸਕੂਲਾਂ ਅਤੇ ਪਿੰਡਾਂ ਦੀਆਂ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੰਡਰ-18 ਗਰੁੱਪ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੂਆਣਾ ਬੋਦਲਾ ਦੇ ਮੁੰਡਿਆਂ ਦੀ ਟੀਮ ਨੇ ਪਹਿਲਾ ਸਥਾਨ, ਪਿੰਡ ਝੰਗੜ ਭੈਣੀ ਦੇ ਸਰਕਾਰੀ ਸਕੂਲ ਦੀ ਟੀਮ ਨੇ ਦੂਜਾ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਅਰਨੀਵਾਲਾ ਨੇ ਤੀਜਾ ਸਥਾਨ ਮੱਲਿਆ ਜਦਕਿ ਇਸੇ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੂਆਣਾ ਬੋਦਲਾ ਦੀਆਂ ਲੜਕੀਆਂ ਨੇ ਪਹਿਲਾ, ਸਰਕਾਰੀ ਹਾਈ ਸਕੂਲ ਰੂਪਨਗਰ ਬਾਰੇਕਾ ਨੇ ਦੂਜਾ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਅਰਨੀਵਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-14 ਗਰੁੱਪ ਵਿੱਚ ਲੜਕਿਆਂ ਦੇ ਵਰਗ ਵਿੱਚ ਸਰਕਾਰੀ ਹਾਈ ਸਕੂਲ ਰੂਪਨਗਰ ਬਾਰੇਕਾ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਅਰਨੀਵਾਲਾ ਦਰਮਿਆਨ ਫ਼ਾਈਨਲ ਦਾ ਮੁਕਾਬਲਾ ਹੋਇਆ ਅਤੇ 42-19 ਦੇ ਫ਼ਰਕ ਨਾਲ ਸਰਕਾਰੀ ਹਾਈ ਸਕੂਲ ਰੂਪਨਗਰ ਬਾਰੇਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਨੂੰ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੂਆਣਾ ਬੋਦਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਅੰਡਰ-14 ਵਰਗ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਨੇ ਪਹਿਲਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੂਆਣਾ ਬੋਦਲਾ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਰੂਪਨਗਰ ਬਾਰੇਕਾ ਨੇ ਤੀਜੇ ਸਥਾਨ 'ਤੇ ਬਾਜ਼ੀ ਮਾਰੀ। ਜੇਤੂ ਟੀਮਾਂ ਨੂੰ ਪੁਲਿਸ ਵਿਭਾਗ ਦੇ ਏ.ਐਸ.ਆਈ. ਸ੍ਰੀ ਕੁਲਦੀਪ ਰਾਏ, ਕੁਸ਼ਤੀ ਕੋਚ ਸ. ਹਰਪਿੰਦਰ ਜੀਤ ਸਿੰਘ, ਹੈਂਡਬਾਲ ਕੋਚ ਸ. ਗੁਰਫ਼ਤਿਹ ਸਿੰਘ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਉਪਰੰਤ ਸਾਰੇ ਖਿਡਾਰੀਆਂ ਨੂੰ ਰਿਫ਼ਰੈਸ਼ਮੈਂਟ ਦਿੱਤੀ ਗਈ। ਇਸ ਦੌਰਾਨ ਖੇਡ ਵਿਭਾਗ ਤੋਂ ਸ. ਗੁਰਵਿੰਦਰ ਸਿੰਘ, ਸ਼੍ਰੀ ਸੁਭਾਸ਼ ਚੰਦ ਅਤੇ ਸ਼੍ਰੀ ਕੁੰਦਨ ਲਾਲ, ਸ਼੍ਰੀ ਪ੍ਰਮੋਦ ਕੁਮਾਰ, ਸ਼੍ਰੀ ਕ੍ਰਿਸ਼ਨ ਲਾਲ, ਗੋਬਿੰਦ ਰਾਮ, ਸ. ਸੁੱਚਾ ਸਿੰਘ, ਸ਼੍ਰੀ ਸੁਖਦੇਵ ਕੁਮਾਰ ਅਤੇ ਸੰਜੀਵ ਕੁਮਾਰ ਆਦਿ ਹਾਜ਼ਰ ਸਨ।