ਮਿੱਤਰ ਸੈਨ ਸ਼ਰਮਾ
ਮਾਨਸਾ 18 ਜੁਲਾਈ 2019 : ਸਥਾਨਕ ਮਾਣਯੋਗ ਇੱਕ ਅਦਾਲਤ ਵੱਲੋਂ ਕਤਲ ਕੇਸ ਦੀ ਸੁਣਵਾਈ ਕਰਦਿਆਂ ਇੱਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਅਤੇ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਜਾਣਕਾਰੀ ਅਨੁਸਾਰ 19 ਜਨਵਰੀ 2015 ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਬੀਰੇ ਵਾਲਾ ਡੋਗਰਾ ਵਿਖੇ ਇੱਕ ਵਿਆਹ ਸਮਾਗਮ ਦੌਰਾਨ ਖੁਸ਼ੀ 'ਚ ਪਿੰਡ ਵਾਸੀ ਹੀ ਦੋ ਸਕੇ ਭਰਾ ਭੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਉਰਫ਼ ਛਿੰਦਾ ਪੁੱਤਰਾਨ ਜਗਤਾਰ ਸਿੰਘ ਵਾਰੋ–ਵਾਰੀ ਆਪਣੇ ਲਾਇਸੈਂਸੀ ਹਥਿਆਰ ਨਾਲ ਫਾਇਰ ਕਰ ਰਹੇ ਸਨ, ਕਿ ਪਿੰਡ ਦਾ ਸੁਖਪਾਲ ਸਿੰਘ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਲੱਗਿਆ, ਜਿਸ 'ਤੇ ਖਫ਼ਾ ਹੋ ਕੇ ਉਕਤ ਭੁਪਿੰਦਰ ਸਿੰਘ ਨੇ ਸੁਖਪਾਲ ਸਿੰਘ 'ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਬੋਹਾ ਦੀ ਪੁਲਿਸ ਨੇ ਮ੍ਰਿਤਕ ਦੀ ਮਾਤਾ ਮਹਿੰਦਰ ਕੌਰ ਦੀ ਸ਼ਿਕਾਇਤ ਉਕਤ ਦੋਵਾਂ ਭਰਾਵਾਂ ਖਿਲਾਫ਼ ਧਾਰਾ 302,304 ਅਤੇ ਅਸਲਾ ਐਕਟ ਅਧੀਨ ਮਾਮਲਾ ਨੰ: 10 ਦਰਜ ਕਰਕੇ ਸੁਣਵਾਈ ਦੇ ਲਈ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਐਡੀਸ਼ਨਲ ਸ਼ੈਸ਼ਨ ਜੱਜ ਮਾਨਸਾ ਸ਼੍ਰੀ ਰਾਜੀਵ ਕੇ. ਵੇਰੀ ਦੀ ਅਦਾਲਤ ਨੇ ਭੁਪਿੰਦਰ ਸਿੰਘ ਨੂੰ ਦੋਸ਼ੀ ਮੰਨਦਿਆਂ ਉਸ ਨੂੰ ਉਮਰ ਕੈਦ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ, ਜੁਰਮਾਨਾ ਅਦਾ ਨਾ ਕਰਨ ਦੀ ਸੂਰਤ 'ਚ ਦੋਸ਼ੀ ਨੂੰ ਤਿੰਨ ਮਹੀਨੇ ਦੀ ਸਜ਼ਾ ਹੋਰ ਕੱਟਣੀ ਹੋਵੇਗੀ, ਜਦਕਿ ਇਸ ਮਾਮਲੇ 'ਚ ਨਾਮਜ਼ਦ ਦੂਸੇਰ ਵਿਅਕਤੀ ਨੂੰ ਬਰੀ ਕਰ ਦਿੱਤਾ ਗਿਆ।