ਸਰਦਾਰ ਮਨਪ੍ਰੀਤ ਸਿੰਘ ਛੱਤਵਾਲ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ
ਜਗਦੀਸ ਥਿੰਦ
ਫ਼ਾਜ਼ਿਲਕਾ, 18 ਜੁਲਾਈ:
ਜ਼ਿਲ੍ਹੇ ਵਿਚ ਵੱਖ-ਵੱਖ ਪੈਨਸ਼ਨਾਂ ਦੇ ਲਾਭਪਾਤਰੀਆਂ ਨੂੰ ਜਨਵਰੀ ਤੋਂ ਮਈ 2019 ਤੱਕ 6 ਕਰੋੜ 87 ਲੱਖ 53 ਹਜ਼ਾਰ 250 ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਜ਼ਿਲ੍ਹੇ 'ਚ 91671 ਲਾਭਪਾਤਰੀ ਵੱਖ-ਵੱਖ ਪੈਨਸ਼ਨ ਸਕੀਮਾਂ ਅਧੀਨ ਸੂਚੀਬੱਧ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬੁਢਾਪਾ ਪੈਨਸ਼ਨ ਦੇ 60,820 ਲਾਭਪਾਤਰੀਆਂ ਨੂੰ 4,56,15,000 ਰੁਪਏ, ਵਿਧਵਾ ਤੇ ਬੇਸਹਾਰਾ ਔਰਤਾਂ ਲਈ ਪੈਨਸ਼ਨ ਦੇ 16,444 ਲਾਭਪਾਤਰੀਆਂ ਨੂੰ 12,333,000 ਰੁਪਏ, 5822 ਬੇਸਹਾਰਾ ਬੱਚਿਆਂ ਲਈ 43,66,500 ਪੈਨਸ਼ਨ ਅਤੇ ਦਿਵਿਆਂਗ ਪੈਨਸ਼ਨ ਦੇ 8,585 ਲਾਭਪਾਤਰੀਆਂ ਨੂੰ 64,38,750 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਹ ਪੈਨਸ਼ਨ ਰਾਸ਼ੀ ਸਿੱਧੇ ਤੌਰ 'ਤੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਜਮ੍ਹਾਂ ਹੁੰਦੀ ਹੈ, ਜਿਸ ਨਾਲ ਜਿੱਥੇ ਲਾਭਪਾਤਰੀਆਂ ਦੀ ਖੱਜਲ-ਖੁਆਰੀ ਘਟੀ ਹੈ, ਉੱਥੇ ਉਨ੍ਹਾਂ ਦੇ ਸਮੇਂ ਦੀ ਬੱਚਤ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨ ਦੀ ਅਦਾਇਗੀ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ।
ਸ. ਛੱਤਵਾਲ ਨੇ ਦੱਸਿਆ ਕਿ ਪੁਰਸ਼, ਜਿਨ੍ਹਾਂ ਦੀ ਉਮਰ 65 ਸਾਲ ਜਾਂ ਇਸ ਤੋਂ ਵੱਧ ਹੋਵੇ ਅਤੇ ਔਰਤਾਂ, ਜਿਨ੍ਹਾਂ ਦੀ ਉਮਰ 58 ਸਾਲ ਜਾਂ ਇਸ ਤੋਂ ਵੱਧ ਹੋਵੇ, ਦੀ ਆਮਦਨ ਸਾਰੇ ਵਸੀਲਿਆਂ ਤੋਂ ਸਾਲਾਨਾ ਆਮਦਨ 60 ਹਜ਼ਾਰ ਰੁਪਏ ਤੋਂ ਵੱਧ ਨਾ ਹੋਵੇ ਅਤੇ ਪੇਂਡੂ ਖੇਤਰ ਵਿੱਚ 2.5 ਏਕੜ ਤੋਂ ਘੱਟ ਜ਼ਮੀਨ ਵਾਲੇ ਅਤੇ ਸ਼ਹਿਰੀ ਖੇਤਰ ਵਿੱਚ 200 ਵਰਗ ਮੀਟਰ ਤੋਂ ਘੱਟ ਮਕਾਨ ਦੀ ਮਾਲਕੀ ਵਾਲੇ ਯੋਗ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਦਾ ਲਾਭ ਦਿੱਤਾ ਜਾਂਦਾ ਹੈ।
ਇਸੇ ਤਰ੍ਹਾਂ 58 ਸਾਲ ਤੋਂ ਘੱਟ ਉਮਰ ਦੀਆਂ ਵਿਧਵਾ ਅਤੇ ਨਿਆਸ਼ਰਿਤ ਔਰਤਾਂ, ਜਿਨ੍ਹਾਂ ਦੀ ਸਾਲਾਨਾ ਆਮਦਨ 60 ਹਜ਼ਾਰ ਤੋਂ ਵੱਧ ਨਾ ਹੋਵੇ ਅਤੇ 21 ਸਾਲ ਤੋਂ ਘੱਟ ਉਮਰ ਦੇ ਅਜਿਹੇ ਬੱਚੇ, ਜੋ ਮਾਤਾ ਪਿਤਾ ਦੀ ਮੌਤ ਜਾਂ ਉਨ੍ਹਾਂ ਦੀ ਅਪੰਗਤਾ ਕਾਰਨ ਦੇਖ-ਭਾਲ ਤੋਂ ਵਾਂਝੇ ਹੋ ਗਏ ਹੋਣ ਅਤੇ ਉਨ੍ਹਾਂ ਦੀ ਆਮਦਨ ਸਾਲਾਨਾ 60 ਹਜ਼ਾਰ ਤੋਂ ਘੱਟ ਹੋਵੇ, ਨੂੰ ਵੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ 50 ਫ਼ੀਸਦੀ ਤੋਂ ਵੱਧ ਅਪੰਗਤਾ ਵਾਲੇ ਦਿਵਿਆਂਗ ਵੀ ਵਿੱਤੀ ਸਹਾਇਤਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੈਨਸ਼ਨ ਲੈਣ ਲਈ ਅਰਜ਼ੀ ਫ਼ਾਰਮ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਾਲ ਵਿਕਾਸ ਪ੍ਰਾਜੈਕਟ ਅਫ਼ਸਰ (ਸੀ.ਡੀ.ਪੀ.ਓ.) ਦਫ਼ਤਰ ਵਿੱਚ ਉਪਲਬਧ ਹਨ।