ਜਗਦੀਸ਼ ਥਿੰਦ
ਫ਼ਾਜ਼ਿਲਕਾ, 19 ਜੁਲਾਈ:
ਨਹਿਰਾਂ, ਡਿਸਟ੍ਰੀਬਿਊਟਰੀਆਂ ਤੇ ਮਾਈਨਰਾਂ 'ਚ ਰਿਸਾਅ ਕਾਰਨ ਪਾਣੀ ਦੇ ਹੁੰਦੇ ਨੁਕਸਾਨ ਨੂੰ ਘੱਟ ਕਰਨ ਅਤੇ ਨਹਿਰੀ ਸਿੰਜਾਈ ਪ੍ਰਣਾਲੀ ਮਜ਼ਬੂਤ ਕਰਨ ਦੇ ਮੰਤਵ ਤਹਿਤ 3721.83 ਲੱਖ ਰੁਪਏ ਦੇ ਤਿੰਨ ਵੱਖ-ਵੱਖ ਪ੍ਰਾਜੈਕਟਾਂ ਨਾਲ ਜ਼ਿਲ੍ਹਾ ਫ਼ਾਜ਼ਿਲਕਾ ਦੇ ਮਾਈਨਰਾਂ ਅਤੇ ਸਬ ਮਾਈਨਰਾਂ ਦੀ ਇੱਟਾਂ ਦੀ ਲਾਈਨਿੰਗ ਦੀ ਥਾਂ ਕੰਕਰੀਟ ਲਾਈਨਿੰਗ ਕੀਤੀ ਜਾ ਰਹੀ ਹੈ।
ਸਰਦਾਰ ਮਨਪ੍ਰੀਤ ਸਿੰਘ ਛੱਤਵਾਲ ਡਿਪਟੀ ਕਮਿਸ਼ਨਰ ਫਾਜ਼ਿਲਕਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਕੰਕਰੀਟ ਲਾਈਨਿੰਗ ਦੀ ਮਜ਼ਬੂਤੀ ਇੱਟਾਂ ਵਾਲੀ ਲਾਈਨਿੰਗ ਨਾਲੋਂ ਜ਼ਿਆਦਾ ਹੈ, ਜਿਸ ਨਾਲ ਨਹਿਰ ਦੀਆਂ ਟੇਲਾਂ 'ਤੇ ਪਾਣੀ ਦੀ ਮਾਤਰਾ 'ਚ ਸੁਧਾਰ ਹੋਣਾ ਤਾਂ ਸੁਭਾਵਿਕ ਹੀ ਹੈ, ਨਾਲ ਹੀ ਇਹ ਕਿਸਾਨਾਂ ਲਈ ਵੀ ਵਧੇਰੇ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਸਾਲ 1982-83 'ਚ ਇੱਟਾਂ ਦੀ ਲਾਈਨਿੰਗ ਨਾਲ ਪੱਕੇ ਕੀਤੇ ਗਏ ਮਾਈਨਰਾਂ ਅਤੇ ਸਬ-ਮਾਈਨਰਾਂ ਦੇ ਬਹੁਤੀਆਂ ਥਾਵਾਂ ਤੋਂ ਬੈੱਡ ਲੈਵਲ ਉੱਚੇ-ਨੀਵੇਂ ਹੋ ਚੁੱਕੇ ਸਨ ਅਤੇ ਬਰਿੱਕ ਲਾਈਨਿੰਗ ਵੀ ਕਈ ਥਾਵਾਂ ਤੋਂ ਨੁਕਸਾਨੀ ਗਈ ਸੀ। ਉਨ੍ਹਾਂ ਦੱਸਿਆ ਕਿ ਇੱਟਾਂ ਨਾਲ ਕੀਤੀ ਗਈ ਲਾਈਨਿੰਗ ਵਿੱਚ ਪਾਣੀ ਦਾ ਰਿਸਾਅ ਜ਼ਿਆਦਾ ਹੋ ਰਿਹਾ ਸੀ ਜਿਸ ਕਾਰਨ ਪਾਣੀ ਦੀ ਨਿਰਧਾਰਤ ਸਪਲਾਈ ਬਹਾਲ ਰੱਖਣ 'ਚ ਔਕੜ ਪੇਸ਼ ਆ ਰਹੀ ਸੀ।
ਇਸ ਤੋਂ ਇਲਾਵਾ ਟੇਲਾਂ 'ਤੇ ਪੂਰਾ ਪਾਣੀ ਨਾ ਪੁੱਜਣ ਕਾਰਨ ਨਹਿਰ ਨਾਲ ਸਬੰਧਤ ਹਿੱਸੇਦਾਰਾਂ ਦੀ ਆਬਪਾਸੀ 'ਤੇ ਮਾੜਾ ਅਸਰ ਪੈ ਰਿਹਾ ਸੀ ਜਿਸ ਕਾਰਨ ਸਬੰਧਤ ਹਿੱਸਦਾਰ ਇਸ ਦੀ ਮੁੜ ਉਸਾਰੀ ਲਈ ਪਿਛਲੇ ਕਾਫੀ ਲੰਬੇ ਸਮੇਂ ਤੋ ਮੰਗ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਅਬੋਹਰ ਕੈਨਾਲ ਡਿਵੀਜ਼ਨ ਅਧੀਨ 30.87 ਕਿਲੋਮੀਟਰ ਲੰਬਾਈ ਵਾਲੇ ਦੌਲਤਪੁਰਾ ਮਾਈਨਰ ਅਤੇ ਇਸ ਵਿੱਚੋਂ ਨਿਕਲਣ ਵਾਲੇ ਸਬਮਾਈਨਰਾਂ ਵਿੱਚ ਕੰਕਰੀਟ ਲਾਈਨਿੰਗ ਦਾ ਕੰਮ ਕੀਤਾ ਜਾ ਰਿਹਾ ਹੈ ਜੋ ਕਿ ਲਗਪਗ 89 ਫ਼ੀਸਦੀ ਮੁਕੰਮਲ ਹੋ ਚੁੱਕਾ ਹੈ। ਮਲੂਕਪੁਰ ਰਾਜਬਾਹਾ ਵਿੱਚੋਂ ਨਿਕਲਦੇ 175.00 ਕਿਊਸਕ ਪਾਣੀ ਡਿਸਚਾਰਜ ਕਰਨ ਵਾਲੇ ਦੌਲਤਪੁਰਾ ਮਾਈਨਰ ਨਾਲ ਜ਼ਿਲ੍ਹੇ ਦੇ ਪਿੰਡ ਆਲਮਗੜ੍ਹ ਧਰਮਪੁਰਾ, ਸੈਯਦਾਵਾਲੀ, ਸਪਾਂਵਾਲੀ, ਦੌਲਤਪੁਰਾ ਦੀਵਾਨਖੇੜਾ, ਗਿੱਦੜਾਵਾਲੀ, ਪੰਜਾਵਾ, ਮੌਜਗੜ੍ਹ, ਤੂਤਵਾਲਾ, ਕੱਲਰਖੇੜਾ ਅਤੇ ਉਸਮਾਨ ਖੇੜਾ ਆਦਿ ਦੇ ਰਕਬੇ ਦੀ ਸਿੰਜਾਈ ਅਤੇ ਇਲਾਕੇ ਅੰਦਰ ਪੀਣ ਵਾਲੇ ਪਾਣੀ ਦੀ ਪੂਰਤੀ ਕੀਤੀ ਜਾਂਦੀ ਹੈ। ਦੌਲਤਪੁਰਾ ਮਾਈਨਰ ਵਿੱਚੋਂ ਮੌਜਗੜ੍ਹ ਸਬਮਾਈਨਰ ਅਤੇ ਗਿੱਦੜਾਂਵਾਲੀ ਸਬਮਾਈਨਰ ਨਿਕਲਦੇ ਹਨ। ਉਨ੍ਹਾਂ ਦੱਸਿਆ ਕਿ ਦੌਲਤਪੁਰਾ ਮਾਈਨਰ ਦੀ ਕੰਕਰੀਟ ਲਾਈਨਿੰਗ ਲਈ 1206.88 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸ ਮਾਈਨਰ ਦੀ ਬੁਰਜੀ 64522 ਤੋਂ 101257 ਤੱਕ (12.00 ਕਿਲੋ ਮੀਟਰ) ਤੱਕ ਮੁੜ ਉਸਾਰੀ ਕੰਕਰੀਟ ਲਾਈਨਿੰਗ ਨਾਲ ਕਰਵਾ ਦਿੱਤੀ ਗਈ ਹੈ। ਹੁਣ ਤੱਕ ਕਰਵਾਏ ਗਏ ਕੰਮ 'ਤੇ 251.40 ਲੱਖ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 955.48 ਲੱਖ ਰੁਪਏ ਨਾਲ ਇਸ ਵਰ੍ਹੇ ਰਹਿੰਦੇ ਕੰਮ ਮੁਕੰਮਲ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਮਲੂਕਪੁਰ ਰਜਬਾਹਾ (29.68 ਕਿਲੋ ਮੀਟਰ) ਸਮੇਤ ਕਿੱਕਰਖੇੜਾ ਮਾਈਨਰ, ਵਰਿਆਮਖੇੜਾ ਮਾਈਨਰ, ਢਿੰਗਾਂਵਾਲੀ ਮਾਈਨਰ ਅਤੇ ਭੰਗਰਖੇੜਾ ਮਾਈਨਰ ਦੀ ਕੰਕਰੀਟ ਲਾਈਨਿੰਗ ਨਾਲ ਮੁੜ ਉਸਾਰੀ ਦੇ ਕਾਰਜ ਲਈ ਪੰਜਾਬ ਸਰਕਾਰ ਵੱਲੋਂ 1285.95 ਲੱਖ ਰੁਪਏ ਮਨਜ਼ੂਰ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਅਬੋਹਰ ਬਰਾਂਚ ਵਿੱਚੋਂ ਨਿਕਲਦੇ 590.00 ਕਿਊਸਕ ਪਾਣੀ ਡਿਸਚਾਰਜ ਕਰਨ ਵਾਲੇ ਇਸ ਰਜਬਾਹੇ ਦੀ ਲੰਬਾਈ 58.80 ਕਿਲੋ ਮੀਟਰ ਹੈ, ਜੋ ਜ਼ਿਲ੍ਹੇ ਦੇ ਪਿੰਡ ਆਲਮਗੜ੍ਹ, ਕਿੱਕਰਖੇੜਾ, ਕੰਧਵਾਲਾ-ਅਮਰਕੋਟ, ਰੁਕਨਪੁਰਾ, ਦਲਮੀਰਖੇੜਾ, ਪੱਟੀਬਿੱਲਾ, ਢਿੰਗਾਂਵਾਲੀ, ਅੱਚਾੜਿਕੀ, ਭੰਗਰਖੇੜਾ, ਸ਼ੇਰਗੜ੍ਹ, ਜੰਡਵਾਲਾ-ਹਨੂਵੰਤਾ, ਧਰਮਪੁਰਾ, ਸੈਯਦਾਂਵਾਲੀ, ਮੌਜਗੜ੍ਹ, ਕੱਲਰਖੇੜਾ, ਪੰਨੀਵਾਲਾ ਅਤੇ ਗੁੰਮਜਾਲ ਆਦਿ ਦੇ 15907 ਏਕੜ ਰਕਬੇ ਦੀ ਸਿੰਜਾਈ ਅਤੇ ਪੀਣ ਵਾਲੇ ਪਾਣੀ ਦੀ ਪੂਰਤੀ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮਲੂਕਪੁਰ ਰਾਜਬਾਹੇ ਦੀ ਬੁਰਜੀ 152940 ਤੋਂ 192852 ਤੱਕ (12.17 ਕਿਲੋ ਮੀਟਰ) ਤੱਕ ਮੁੜ ਉਸਾਰੀ ਕੰਕਰੀਟ ਲਾਈਨਿੰਗ ਨਾਲ ਕਰਵਾ ਦਿੱਤੀ ਗਈ ਹੈ। ਹੁਣ ਤੱਕ ਕਰਵਾਏ ਗਏ ਕੰਮ 'ਤੇ 293.90 ਲੱਖ ਰੁਪਏ ਦਾ ਖ਼ਰਚ ਕੀਤਾ ਗਿਆ ਹੈ। ਰਾਜਬਾਹੇ ਦਾ ਤਕਰੀਬਨ 77 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਬਾਕੀ ਰਹਿੰਦੀ 992.05 ਲੱਖ ਰੁਪਏ ਦੀ ਰਾਸ਼ੀ ਨਾਲ ਇਸ ਵਰ੍ਹੇ ਰਹਿੰਦੇ ਕੰਮ ਕਰਵਾਏ ਜਾਣਗੇ।
ਸ. ਛੱਤਵਾਲ ਨੇ ਦੱਸਿਆ ਕਿ ਪੰਜਾਵਾ ਰਾਜਬਾਹਾ ਸਿਸਟਮ ਵਿੱਚੋਂ ਨਿਕਲਦੀ ਡੰਗਰਖੇੜਾ ਮਾਈਨਰ, ਜੰਡਵਾਲਾ ਮਾਈਨਰ, ਬਕੈਣ ਸਬਮਾਈਨਰ, ਪੰਜਕੋਸੀ ਮਾਈਨਰ, ਆਜ਼ਮਵਾਲਾ ਮਾਈਨਰ, ਅਬੋਹਰ ਮਾਈਨਰ ਦੀ ਮੁੜ ਉਸਾਰੀ ਦੇ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਕਾਰਜ ਲਈ ਨਾਬਾਰਡ ਰਾਹੀਂ 1229.00 ਲੱਖ ਰੁਪਏ ਮਨਜ਼ੂਰ ਕੀਤੇ ਗਏ ਸਨ। 64 ਕਿਲੋਮੀਟਰ ਲੰਬਾਈ ਵਾਲਾ ਪੰਜਾਵਾ ਰਜਬਾਹਾ, ਜੋ ਅਬੋਹਰ ਬਰਾਂਚ ਦੀ ਟੇਲ ਬੁਰਜੀ ਤੋਂ ਨਿਕਲਦਾ ਹੈ, ਦਾ ਡਿਸਚਾਰਜ ਪਾਣੀ 252.70 ਕਿਊਸਿਕ ਹੈ ਅਤੇ ਪਿੰਡ ਕੋਇਲਖੇੜਾ, ਬਕੈਣਵਾਲਾ, ਹਰੀਪੁਰਾ, ਪੱਤਰੇਵਾਲਾ, ਚੂਹੜੀਵਾਲਾ-ਧੰਨਾ, ਦਾਨੇਵਾਲ-ਸੱਤਕੋਸੀ, ਰੂਪ ਨਗਰ, ਬਾਰੇਕਾ, ਜੰਡਵਾਲਾ ਮੀਰਾ ਸਾਂਗਲਾ, ਖਿੱਪਾਂਵਾਲੀ, ਨਿਹਾਲਖੇੜਾ, ਡੰਗਰਖੇੜਾ, ਢਾਣੀ ਕਰਨੈਲ, ਢਾਣੀ ਸਫੀ, ਪੰਜਕੋਸੀ, ਖੂਈਆਂ ਸਰਵਰ, ਤੇਲੂਪੁਰਾ, ਅਬੋਹਰ ਸਿਟੀ, ਕਿੱਲਿਆਂਵਾਲੀ ਆਦਿ ਦੇ 75000 ਏਕੜ ਰਕਬੇ ਨੂੰ ਸਿੰਜਾਈ ਸਹੂਲਤਾਂ ਪ੍ਰਦਾਨ ਕਰਦਾ ਹੈ। ਸ. ਛੱਤਵਾਲ ਨੇ ਦੱਸਿਆ ਕਿ ਪੰਜਾਵਾ ਰਾਜਬਾਹਾ ਸਿਸਟਮ ਦੇ ਬਾਕੀ ਰਹਿੰਦੇ ਕੰਮ ਵੀ ਸ਼ੁਰੂ ਕਰਵਾ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਅਬੋਹਰ ਮਾਈਨਰ, ਆਜ਼ਮਵਾਲਾ ਮਾਈਨਰ, ਡੰਗਰਖੇੜਾ ਮਾਈਨਰ, ਜੰਡਵਾਲਾ ਮਾਈਨਰ, ਬਕੈਣ ਸਬਮਾਈਨਰ ਅਤੇ ਪੰਜਕੋਸੀ ਮਾਈਨਰ ਦੀ ਮੁੜ ਉਸਾਰੀ ਕੰਕਰੀਟ ਲਾਈਨਿੰਗ ਨਾਲ ਕਰਵਾਈ ਗਈ ਹੈ। ਇਨ੍ਹਾਂ ਕਾਰਜਾਂ 'ਤੇ 446.00 ਲੱਖ ਰੁਪਏ ਖ਼ਰਚ ਕੀਤੇ ਗਏ ਹਨ ਅਤੇ ਬਾਕੀ ਰਹਿੰਦੇ 783.00 ਲੱਖ ਰੁਪਏ ਦੇ ਕੰਮ ਇਸ ਵਰ੍ਹੇ ਕਰਵਾਏ ਜਾਣਗੇ।