ਮਾਨਸਾ, 19 ਜੁਲਾਈ 2019 - ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਤੀਨਿਧੀ ਮੰਡਲ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਇੱਕ ਮੰਗ ਪੱਤਰ ਦਿੱਤਾ। ਇਸ ਪ੍ਰਤੀਨਿਧੀ ਮੰਡਲ ਦੀ ਅਗਵਾਈ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਜਗਦੀਪ ਸਿੰਘ ਨਕੱਈ ਵੱਲੋਂ ਕੀਤੀ ਗਈ।
ਇਸ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਪਿਛਲੇ ਦਿਨੀਂ ਪੰਜਾਬ ਭਰ ਵਿੱਚ ਹੋਈ ਭਾਰੀ ਬਾਰਿਸ਼ ਨਾਲ ਸੰਗਰੂਰ, ਪਟਿਆਲਾ, ਬਠਿੰਡਾ ਅਤੇ ਮਾਨਸਾ ਜਿਲ੍ਹਿਆਂ ਵਿੱਚ ਜਲ ਭਰਾਓ ਦੀ ਭਾਰੀ ਸਮੱਸਿਆ ਪੈਦਾ ਹੋ ਗਈ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਮਾਨਸਾ ਵਿਧਾਨ ਸਭਾ ਹਲਕੇ ਦੇ ਵਸਨੀਕਾਂ ਨੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਹੈ ਕਿ ਸੰਗਰੂਰ ਜਿਲ੍ਹੇ ਵਿਚੋਂ ਹੁੰਦੀ ਹੋਈ ਇੱਕ ਡਰੇਨ ਪਿੰਡ ਪੰਧੇਰ ਤੋਂ ਹੁੰਦੇ ਹੋਏ ਮਾਨਸਾ ਜਿਲ੍ਹੇ ਵਿੱਚ ਦਾਖਲ ਹੁੰਦੀ ਹੈ ਜੋ ਕਿ ਪਿੰਡ ਅਨੂਪਗੜ੍ਹ, ਮਾਖਾ ਚਹਿਲਾਂ ਅਤੇ ਰੱਲਾ ਹੁੰਦੀ ਹੋਈ ਮਾਨਸਾ ਵਿਧਾਨ ਸਭਾ ਹਲਕੇ ਵਿੱਚ ਦਾਖਲ ਹੁੰਦੀ ਹੈ। ਇਹ ਡਰੇਨ ਅਗਾਂਹ ਆ ਕੇ ਬੰਦ ਹੋ ਜਾਂਦੀ ਹੈ ਕਿਉਂਕਿ ਪਿਛਲੇ ਸਮਿਆਂ ਵਿੱਚ ਕੋਈ ਭਾਰੀ ਮੀਂਹ ਨਾਂ ਪੈਣ ਕਾਰਨ ਇਸ ਡਰੇਨ ਦੀ ਪ੍ਰਸ਼ਾਸਨ ਵਲੋਂ ਕੋਈ ਸਾਫ ਸਫਾਈ ਨਾ ਕਰਵਾਏ ਜਾਣ ਕਾਰਨ ਇਹ ਡਰੇਨ ਬੰਦ ਪਈ ਹੈ। ਹੁਣ ਇੰਨ੍ਹਾਂ ਪਿੰਡਾਂ ਦੇ ਵਸਨੀਕਾਂ ਵਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਸੰਗਰੂਰ ਜਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਸ ਡਰੇਨ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਨਾਲ ਆਉਣ ਵਾਲੇ ਸਮੇਂ ਮਾਨਸਾ ਵਿਧਾਨ ਸਭਾ ਹਲਕੇ ਵਿੱਚ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹੈ ਅਤੇ ਮਾਨਸਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਹੜ੍ਹਾਂ ਦਾ ਖਤਰਾ ਪੈਦਾ ਹੋ ਸਕਦਾ ਹੈ। ਜਿੰਨਾਂ ਚਿਰ ਇਸ ਡਰੇਨ ਦੀ ਸਫਾਈ ਨਹੀਂ ਹੁੰਦੀ ਉਨ੍ਹਾਂ ਚਿਰ ਇਸ ਡਰੇਨ ਵਿੱਚ ਪਾਣੀ ਛੱਡਣਾ ਬੰਦ ਕਰਵਾਇਆ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਦੇ ਧਿਆਨ ਵਿੱਚ ਇਹ ਵੀ ਆਇਆ ਹੈ ਕਿ ਮਾਨਸਾ ਸ਼ਹਿਰ ਦੇ ਵਿੱਚ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਤੇ ਭਾਰੀ ਮੀਂਹ ਪੈਣ ਕਾਰਨ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਜਲ ਭਰਾਓ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ। ਇਸ ਲਈ ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਹੈ ਕਿ ਅੰਡਰ ਬਰਿੱਜ ਦੇ ਹੇਠਾਂ ਖੜ੍ਹਾ ਪਾਣੀ ਜਲਦੀ ਤੋਂ ਜਲਦੀ ਕਢਵਾਇਆ ਜਾਵੇ। ਫਲਾਈ ਓਵਰ ਦੇ ਥੱਲੇ ਬਿਜਲੀ ਗਰਿੱਡ ਦੇ ਏਰੀਏ ਵਿੱਚ ਖੜ੍ਹੇ ਗੰਦੇ ਪਾਣੀ ਨੂੰ ਮੋਟਰਾਂ ਲਗਾ ਕੇ ਕਢਵਾਇਆ ਜਾਵੇ ਅਤੇ ਵੱਖ ਵੱਖ ਵਾਰਡਾਂ ਵਿੱਚ ਜਲ ਭਰਾਓ ਦੀ ਸਮੱਸਿਆ ਦੇ ਹੱਲ ਲਈ ਪਾਣੀ ਕਢਵਾਇਆ ਜਾਵੇ ਤਾਂ ਕਿ ਲੋਕਾਂ ਦੇ ਆਮ ਜਨਜੀਵਨ ਦੀ ਪ੍ਰੇਸ਼ਾਨੀ ਦੂਰ ਹੋਣ ਦੇ ਨਾਲ ਨਾਲ ਭਿਆਨਕ ਬਿਮਾਰੀਆਂ ਫੈਲਣ ਦੇ ਖਤਰੇ ਨੂੰ ਟਾਲਿਆ ਜਾ ਸਕੇ।
ਇਸ ਸਮੇਂ ਉਨ੍ਹਾਂ ਦੇ ਨਾਲ ਬਲਦੇਵ ਸਿੰਘ ਮਾਖਾ, ਭਰਪੂਰ ਸਿੰਘ ਅਤਲਾ, ਗੁਰਚਰਨ ਸਿੰਘ, ਕੁਲਦੀਪ ਸਿੰਘ, ਨਿਰਮਲ ਸਿੰਘ, ਨਿੱਕਾ ਸਿੰਘ ਬੁਰਜ ਢਿੱਲਵਾਂ, ਅਮਨ ਸਿੰਘ ਸਰਪੰਚ ਅਤੇ ਮਨਜੀਤ ਸਿੰਘ ਉੱਭਾ, ਹਰਪ੍ਰੀਤ ਸਿੰਘ ਐਡਵੋਕੇਟ ਭੈਣੀ ਬਾਘਾ ਆਦਿ ਸ਼ਾਮਲ ਸਨ।