ਟੀਚਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ,
ਹਰਜਿੰਦਰ ਸਿੰਘ ਗੋਲ੍ਹਣ
ਭਿੱਖੀਵਿੰਡ, 19 ਜੁਲਾਈ 2019 - ਸੂਬਾ ਪੰਜਾਬ ਅੰਦਰ ਜਿੱਥੇ ਮਾਰੂ ਨਸ਼ਿਆਂ ਦਾ ਭਾਰੀ ਬੋਲਬਾਲਾ ਹੈ ਉੱਥੇ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰੇ ਚਿੱਟੇ ਦਿਨ ਘਟਨਾਵਾਂ ਨੂੰ ਅੰਜਾਮ ਦੇ ਕੇ ਆਮ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਰਹੇ ਹਨ। ਐਸੀ ਹੀ ਘਟਨਾ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚੀਆਂ ਸਰਕਾਰੀ ਹਾਈ ਸਕੂਲ ਚੂੰਘ (ਤਰਨਤਾਰਨ) ਵਿਖੇ ਬਤੌਰ ਟੀਚਰ ਸੇਵਾਵਾਂ ਨਿਭਾ ਰਹੀਆਂ ਅਧਿਆਪਕਾਵਾਂ ਮਿਨਾਕਸ਼ੀ ਤੇ ਪਰਮਿੰਦਰ ਕੌਰ ਨੇ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਦਿੱਤੀ ਲਿਖਤੀ ਦਰਖਾਸਤ ਦੱਸਿਆ ਹੈ ਕਿ 12 ਜੁਲਾਈ ਦਿਨ ਸ਼ੁੱਕਰਵਾਰ ਨੂੰ ਅਸੀਂ ਆਪਣੇ ਸਕੂਲ ਤੋਂ ਸਰਕਾਰੀ ਸੈਕੰਡਰੀ ਸਕੂਲ ਮਾੜੀ ਮੇਘਾ ਵਿਖੇ ਦਫ਼ਤਰੀ ਕੰਮ ਕਰਕੇ ਜਦੋਂ ਵਾਪਸ ਬਾਅਦ ਦੁਪਹਿਰ ਦੋ ਤਿੰਨ ਵਜੇ ਦੇ ਦਰਮਿਆਨ ਭਿੱਖੀਵਿੰਡ ਨੂੰ ਆ ਰਹੀਆਂ ਸੀ ਤਾਂ ਮਾੜੀ ਮੇਘਾ ਨੂੰ ਜਾਂਦੇ ਰਸਤੇ ਤੇ ਭੱਠੇ ਨੇੜੇ ਪਹੁੰਚੀਆਂ ਤਾਂ ਉਸ ਸਮੇਂ ਕੁਝ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸਾਨੂੰ ਘੇਰ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਹੁਸ਼ਿਆਰੀ ਤੋਂ ਕੰਮ ਲੈਂਦੀਆਂ ਹੋਈਆਂ ਸਕੂਟਰੀ ਨੂੰ ਤੇਜ਼ ਭਜਾ ਕੇ ਭਿੱਖੀਵਿੰਡ ਵਿਖੇ ਪਹੁੰਚ ਗਈਆਂ, ਜਿਸ ਕਰਕੇ ਅਸੀਂ ਲੁੱਟ ਤੋਂ ਬਚ ਗਈਆਂ। ਉਕਤ ਟੀਚਰ ਔਰਤਾਂ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਪੰਜਾਬ, ਐੱਸ ਐੱਸ ਪੀ ਤਰਨਤਾਰਨ ਤੋਂ ਗੁੰਡਾ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਫੜ ਕੇ ਜੇਲ ਅੰਦਰ ਭੇਜਣ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਚ ਨਿੰਦਾ ਕਰਦਿਆਂ ਗੌਰਮਿੰਟ ਟੀਚਰ ਯੂਨੀਅਨ ਦੇ ਜਨਰਲ ਸਕੱਤਰ ਤੇ ਮੁਲਾਜ਼ਮ ਆਗੂ ਬਲਕਾਰ ਸਿੰਘ ਵਲਟੋਹਾ ,ਫੈਡਰੇਸ਼ਨ ਏਟਕ ਦੇ ਸਰਕਲ ਪ੍ਰਧਾਨ ਪੂਰਨ ਸਿੰਘ ਮਾੜੀ ਮੇਘਾ , ਹੈਲਥ ਇੰਪਲਾਈਜ਼ ਆਗੂ ਹਰਜੀਤ ਸਿੰਘ ਪਹੁਵਿੰਡ, ਗੋਪਾਲ ਸਿੰਘ ਝਾਮਕਾ ,ਸਰਬਜੀਤ ਸਿੰਘ ਦਰਾਜਕੇ, ਲਖਵਿੰਦਰ ਕੌਰ ਮਾੜੀ ਮੇਘਾ ਪ੍ਰਦੀਪ ਕੁਮਾਰ ਭਿੱਖੀਵਿੰਡ ,ਨੇ ਆਖਿਆ ਕਿ ਜ਼ਿਲ੍ਹਾ ਤਰਨਤਾਰਨ ਦੇ ਸਰਕਾਰੀ ਸਕੂਲਾਂ ਵਿੱਚ ਲੇਡੀ ਟੀਚਰਾਂ ਜੋ ਦੂਰ ਦੁਰਾਡੇ ਜ਼ਿਲ੍ਹਿਆਂ ਦੇ ਰਹਿਣ ਵਾਲੀਆਂ ਹਨ ਇਨ੍ਹਾਂ ਸਕੂਲਾਂ ਵਿੱਚ ਤੈਨਾਤ ਹਨ, ਜੋ ਐਸੀਆਂ ਘਟਨਾਵਾਂ ਲੇਡੀਜ਼ ਔਰਤਾਂ ਦੇ ਮਨਾਂ ਵਿਚ ਖੌਫ ਪੈਦਾ ਕਰ ਰਹੀਆਂ ਹਨ। ਉਪਰੋਕਤ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ,ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ , ਜ਼ਿਲ੍ਹਾ ਤਰਨ ਤਾਰਨ ਦੇ ਐੱਸ ਐੱਸ ਪੀ ਦਾ ਧਿਆਨ ਵਿਸ਼ੇਸ਼ ਕਰ ਵਿਧਾਨ ਸਭਾ ਹਲਕਾ ਖੇਮਕਰਨ ਵੱਲ ਦਿਵਾਉਂਦਿਆਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਤੇ ਆਖਿਆ ਕਿ ਐਸੇ ਲੋਕਾਂ ਨੂੰ ਫੜ ਕੇ ਕਾਨੂੰਨ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾ ਸਕੇ।