ਅੱਜ ਮੈਂਬਰ ਪਾਰਲੀਮੈਂਟ ਔਜਲਾ ਨੂੰ 1 ਘੰਟੇ 'ਚ ਮਿਲਿਆ ਨਵਾਂ ਪਾਸਪੋਰਟ
ਅੰਮ੍ਰਿਤਸਰ,19 ਜੁਲਾਈ 2019: ਅਜੋਕੇ ਸਮੇਂ ਚ ਹਰੇਕ ਪੰਜਾਬੀ ਦੀ ਇੱਛਾ ਹੈ ਕਿ ਉਹ ਵਿਦੇਸ਼ੀ ਧਰਤੀ ਤੇ ਜਾ ਕੇ ਵਸੇ ਜਾਂ ਉੱਥੋਂ ਦੇ ਰਹਿਣ - ਸਹਿਣ ਨੂੰ ਵੇਖੇ ਤੇ ਮਾਣੇ, ਜਿਸ ਦੇ ਚੱਲਦਿਆਂ ਅੱਜ ਹਰ ਇੱਕ ਵਿਅਕਤੀ ਆਪਣਾ ਪਾਸਪੋਰਟ ਬਣਵਾਉਣਾ ਚਾਹੁੰਦਾ ਹੈ। ਜੇਕਰ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ ਸਥਿਤ ਪਾਸਪੋਰਟ ਦਫ਼ਤਰ ਵਿੱਚ ਰੋਜ਼ਾਨਾ 1200 ਦੇ ਕਰੀਬ ਲੋਕ ਆਪਣਾ ਪਾਸਪੋਰਟ ਬਨਾਉਣ ਲਈ ਅਪਲਾਈ ਕਰਦੇ ਹਨ ।
ਦੂਜੇ ਪਾਸੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਪਾਸਪੋਰਟ ਬਣਾਉਣ ਵਾਲੇ ਲੋਕਾਂ ਦੀ ਗਿਣਤੀ 'ਚ ਹੋ ਰਹੇ ਵਾਧੇ ਤੇ ਲੋਕਾਂ ਵਿੱਚ ਪਾਸਪੋਰਟ ਬਨਾਉਣ ਲਈ ਵਿਖਾਏ ਜਾ ਰਹੇ ਉਤਸ਼ਾਹ ਨੂੰ ਵੇਖਦਿਆਂ ਹੋਇਆਂ ਸਥਾਨਕ ਪਾਸਪੋਰਟ ਦਫਤਰ ਦੇ ਮੁੱਖ ਅਧਿਕਾਰੀ ਮਨੀਸ਼ ਕਪੂਰ ਤੇ ਉਨ੍ਹਾਂ ਦੇ ਸਮੁੱਚੇ ਅਮਲੇ ਨੇ ਵੀ ਕਮਰਕੱਸੇ ਕੱਸ ਲਏ ਹਨ ।
ਹੈਰਾਨੀ ਦੀ ਗੱਲ ਇਹ ਹੈ ਕਿ ਅੰਮ੍ਰਿਤਸਰ ਦੇ ਪਾਸਪੋਰਟ ਅਫ਼ਸਰ ਮੁਨੀਸ਼ ਕਪੂਰ ਦੁਬਾਰਾ ਦਫ਼ਤਰ ਦੇ ਕੰਮ ਦੀ ਕੀਤੀ ਗਈ ਸੁਚਾਰੂ ਵਿਉਂਤਬੰਦੀ ਦੇ ਸਦਕਾ ਹੁਣ ਦਫ਼ਤਰ ਵਿਖੇ ਪਾਸਪੋਰਟ ਅਪਲਾਈ ਕਰਨ ਵਾਲੇ ਉਸ ਸ਼ਖ਼ਸ ਦਾ, ਜਿਸ ਦੀ ਪੰਜਾਬ ਸਰਕਾਰ ਦਾ ਮੁਲਾਜ਼ਮ ਹੋਣ ਕਾਰਨ ਜਾਂ ਪਾਸਪੋਰਟ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਅਪਲਾਈ ਕਰਨ ਕਾਰਨ ਪੁਲਸ ਇਨਕੁਆਰੀ ਦੀ ਲੋੜ ਨਹੀਂ ਹੁੰਦੀ,ਉਸ ਦਾ ਪਾਸਪੋਰਟ ਅਪਲਾਈ ਕਰਨ ਵਾਲੇ ਦਿਨ ਹੀ ਪ੍ਰਿੰਟ ਕਰ ਕੇ ਡਿਸਪੈਚ ਕੀਤਾ ਜਾ ਰਿਹਾ ਹੈ ।
ਇਸ ਸਬੰਧੀ ਸਥਾਨਕ ਪਾਸਪੋਰਟ ਅਧਿਕਾਰੀ ਮਨੀਸ਼ ਕਪੂਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਾਸਪੋਰਟ ਦਫਤਰ ਦੇ ਕੰਮ ਵਿੱਚ ਪੂਰੀ ਚੁਸਤੀ ਤੇ ਤੇਜ਼ੀ ਲਿਆਂਦੀ ਗਈ ਹੈ ਅਤੇ ਹਰ ਕੰਮ ਨੂੰ ਪੂਰੀ ਵਿਉਂਤਬੰਦੀ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਪੁਰਾਣੀਆਂ ਫਾਈਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ,ਤਾਂ ਜੋ ਲੋਕ ਆਪਣੇ ਕਾਗਜ਼ਾਤ ਮੁਕੰਮਲ ਕਰ ਕੇ ਮੁੜ ਅਪਲਾਈ ਕਰ ਸਕਣ। ਇਸ ਤੋਂ ਇਲਾਵਾ ਜਿੰਨਾ ਲੋਕਾਂ ਦੀਆਂ ਫਾਈਲਾਂ ਵਿੱਚ ਕੁਝ ਜ਼ਰੂਰੀ ਕਾਗਜ਼ਾਤ ਲੋੜੀਂਦੇ ਹਨ ਉਨ੍ਹਾਂ ਨੂੰ ਦਫ਼ਤਰ ਵੱਲੋਂ ਫੋਨ ਕਰਕੇ ਕਾਗਜ਼ਅਾਤ ਜਮ੍ਹਾਂ ਕਰਵਾ ਕੇ ਅਾਪਣਾ ਪਾਸਪੋਰਟ ਪ੍ਰਾਪਤ ਕਰਨ ਲਈ ਕਿਹਾ ਜਾ ਰਿਹਾ ਹੈ । ਸ਼੍ਰੀ ਕਪੂਰ ਅਨੁਸਾਰ ਜਿਨ੍ਹਾਂ ਵਿਅਕਤੀਆਂ ਦੀ ਪੁਲਿਸ ਇੰਨਕੁਅਾਰੀ ਦੀ ਲੋੜ ਨਹੀਂ ਹੁੰਦੀ, ਉਨ੍ਹਾਂ ਨੂੰ ਅਪਲਾਈ ਕਰਨ ਵਾਲੇ ਦਿਨ ਹੀ ਪਾਸਪੋਰਟ ਭੇਜੇ ਜਾ ਰਹੇ ਹਨ ਜਦ ਕਿ ਪੁਲਿਸ ਇੰਨਕੁਆਰੀ ਵਾਲੇ ਕੇਸਾਂ ਵਿੱਚ ਵੀ ਕੇਵਲ ਇੱਕ ਹਫ਼ਤਾ ਦਾ ਹੀ ਸਮਾਂ ਲੱਗ ਰਿਹਾ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦਫ਼ਤਰ ਵਿਖੇ ਆਪਣਾ ਪਾਸਪੋਰਟ ਰੀਨਿਊ ਕਰਵਾਉਣ ਲਈ ਆਏ ਸਨ, ਉਨ੍ਹਾਂ ਨੂੰ ਦਫ਼ਤਰ ਵੱਲੋਂ ਕੇਵਲ 1 ਘੰਟੇ ਦੇ ਅੰਦਰ ਹੀ ਨਵਾਂ ਪਾਸਪੋਰਟ ਜਾਰੀ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸ. ਔਜਲਾ ਨੇ ਪਾਸਪੋਰਟ ਦਫ਼ਤਰ ਦੇ ਕੰਮ 'ਚ ਆਈ ਤੇਜ਼ੀ ਤੇ ਦਫ਼ਤਰ ਵਿਖੇ ਪਾਸਪੋਰਟ ਅਫਸਰ ਨੂੰ ਮਿਲਣ ਵਾਲੇ ਲੋਕਾਂ ਦੀ ਸਹੀ ਰੂਪ 'ਚ ਹੋ ਰਹੀ ਸੁਣਵਾਈ ਤੇ ਆਪਣੀ ਪੂਰਨ ਤਸੱਲੀ ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਪਾਸਪੋਰਟ ਦਫ਼ਤਰ ਦੇ ਸਮੁੱਚੇ ਸਟਾਫ ਨੂੰ ਵਧਾਈ ਵੀ ਦਿੱਤੀ।