ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਗ੍ਰਿਫਤਾਰ ਕੀਤੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ।
ਕਰੀਬ ਡੇਢ ਸਾਲ ਪਹਿਲਾਂ ਕੀਤਾ ਗਿਆ ਸੀ ਕਤਲ
ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਸੀ ਤਕਰਾਰ
ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਬਰਾਮਦ
ਤਿੰਨ ਮੁਲਜ਼ਮਾਂ ਦੀ ਭਾਲ ਜਾਰੀ
ਫ਼ਤਹਿਗੜ੍ਹ ਸਾਹਿਬ, 20 ਜੁਲਾਈ 2019: ਕਰੀਬ ਡੇਢ ਸਾਲ ਪਹਿਲਾ ਪਿੰਡ ਘੁਮੰਡਗੜ੍ਹ ਨੇੜੇ ਵਾਪਰੀ ਕਤਲ ਦੀ ਵਾਰਦਾਤ ਸਬੰਧੀ ਪੁਲੀਸ ਨੇ 06 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਸ੍ਰੀਮਤੀ ਕੌਂਡਲ ਨੇ ਦੱਸਿਆ ਕਿ ਭੈੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਹਰਪਾਲ ਸਿੰਘ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਦੀਆਂ ਹਦਾਇਤਾਂ ਅਨੁਸਾਰ ਜਸਵਿੰਦਰ ਸਿੰਘ ਟਿਵਾਣਾ ਡੀ. ਐਸ.ਪੀ. (ਮੇਜਰ ਕ੍ਰਾਈਮ) ਅਤੇ ਸ੍ਰੀ ਸੁਖਵਿੰਦਰ ਸਿੰਘ ਚੌਹਾਨ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਬਸੀ ਪਠਾਣਾਂ ਦੀ ਨਿਗਰਾਨੀ ਹੇਠ ਇੰਸਪੈਕਟਰ ਕੁਲਵੰਤ ਸਿੰਘ ਇੰਚਾਰਜ 391 ਸਟਾਫ ਸਰਹਿੰਦ ਦੀ ਅਗਵਾਈ ਵਿੱਚ ਥਾਣਾ ਬਸੀ ਪਠਾਣਾਂ ਅਤੇ ਸੀ.ਆਈ.ਏ ਸਟਾਫ ਸਰਹਿੰਦ ਦੀ ਪੁਲਿਸ ਪਾਰਟੀ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਮੁਕੱਦਮਾਂ ਨੰਬਰ 111 ਮਿਤੀ 03.11.2017 ਅ/ਧ 302,148,149 ਹਿੰ:ਦੰ: ਥਾਣਾ ਬਸੀ ਪਠਾਣਾਂ ਨੂੰ ਟਰੇਸ ਕਰ ਕੇ ਇੱਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇੰਸਪੈਕਟਰ ਕੁੰਵਰਪਾਲ ਸਿੰਘ ਮੁੱਖ ਅਫਸਰ ਥਾਣਾ ਬੱਸੀ ਪਠਾਣਾਂ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮਿਤੀ 22.10.2017 ਨੂੰ ਜਸਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕਲੌੜ ਆਪਣੇ ਦੋ ਹੋਰ ਸਾਥੀਆਂ ਜਗਰੂਪ ਸਿੰਘ ਪੁੱਤਰ ਮਾਨ ਸਿੰਘ ਵਾਸੀ ਮੌਲੀ ਬੈਦਵਾਨ ਅਤੇ ਕਾਰੀਗਰ ਭੂਰਾ ਸਿੰਘ ਪੁੱਤਰ ਰਾਮਵੀਰ ਸਿੰਘ ਵਾਸੀ ਪਿੰਡ ਕਲੌੜ ਸਮੇਤ ਆਪਣੇ ਮੋਟਰਸਾਈਕਲ ਨੰਬਰ ਪੀ.ਬੀ 65 ਏ.ਐਫ-6205 'ਤੇ ਬੱਸੀ ਪਠਾਣਾਂ ਸਾਈਡ ਤੋਂ ਆਪਣੇ ਪਿੰਡ ਕਲੌੜ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਬੱਸ ਅੱਡਾ ਘੁਮੰਡਗੜ੍ਹ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਨੇ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਨੇ ਜਸਪ੍ਰੀਤ ਸਿੰਘ ਅਤੇ ਕਾਰੀਗਰ ਭੂਰਾ ਸਿੰਘ ਦੀ ਕੁੱਟਮਾਰ ਕੀਤੀ। ਉਨ੍ਹਾਂ ਨੇ ਜਸਪ੍ਰੀਤ 'ਤੇ ਰਾਡਾਂ ਅਤੇ ਸਰੀਏ ਨਾਲ ਵਾਰ ਕੀਤੇ ਸਨ। ਜਗਰੂਪ ਸਿੰਘ ਮੌਕੇ ਤੋਂ ਭੱਜ ਗਿਆ ਸੀ। ਜਸਪ੍ਰੀਤ ਸਿੰਘ ਅਤੇ ਭੂਰਾ ਸਿੰਘ ਨੂੰ ਪਹਿਲਾ ਇਲਾਜ ਲਈ ਬਾਵਾ ਨਰਸਿੰਗ ਹੋਮ, ਬਸੀ ਪਠਾਣਾਂ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਭੂਰਾ ਸਿੰਘ ਦੇ ਘੱਟ ਸੱਟਾਂ ਲੱਗੀਆਂ ਹੋਣ ਕਾਰਨ ਉਸ ਨੂੰ ਛੁੱਟੀ ਮਿਲ ਗਈ ਸੀ ਪ੍ਰੰਤੂ ਜਸਪ੍ਰੀਤ ਸਿੰਘ ਦੇ ਜ਼ਿਆਦਾ ਸੱਟਾਂ ਲੱਗੀਆਂ ਹੋਣ ਕਾਰਨ ਉਸ ਨੂੰ ਇਲਾਜ ਲਈ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿੱਥੇ ਜਸਪ੍ਰੀਤ ਸਿੰਘ ਦੀ ਮਿਤੀ 02.11.2017 ਨੂੰ ਰਾਤ ਸਮੇਂ ਮੌਤ ਹੋ ਗਈ ਸੀ।
ਉਨ੍ਹਾਂ ਦੱਸਿਆ ਕਰੀਬ 01 ਸਾਲ 08 ਮਹੀਨੇ ਬਾਅਦ ਪੁਲੀਸ ਨੇ ਇਨ੍ਹਾਂ ਅਣਪਛਾਤੇ ਮੁਲਜ਼ਮਾਂ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੁੱਲ 09 ਨੌਜਵਾਨ ਵਿਅਕਤੀਆਂ ਦਾ ਗੈਂਗ ਹੈ, ਜਿਨ੍ਹਾਂ ਵਿੱਚੋ ਮੁੱਖ ਮੁਲਜ਼ਮ ਜਸਵਿੰਦਰ ਸਿੰਘ ਉਰਫ ਕਾਲੂ ਵਾਸੀ ਪਿੰਡ ਭੰਗੂਆਂ ਥਾਣਾ ਬਸੀ ਪਠਾਣਾਂ ਦਾ ਹੈ, ਚੰਨਪ੍ਰੀਤ ਸਿੰਘ (ਜਸਵਿੰਦਰ ਸਿੰਘ ਦਾ ਭਾਣਜਾ), ਅਰਵਿੰਦਰ ਸਿੰਘ ਉਰਫ ਅਮਨ ਵਾਸੀਆਨ ਪਿੰਡ ਬਜਹੇੜੀ ਥਾਣਾ ਸਦਰ ਖਰੜ ਜ਼ਿਲ੍ਹਾ ਐਸ.ਏ.ਐਸ ਨਗਰ, ਤੇਜਿੰਦਰ ਸਿੰਘ ਉਰਫ ਤੇਜੀ ਵਾਸੀ ਪਿੰਡ ਉੱਪਲਹੇੜੀ ਥਾਣਾ ਸਦਰ ਰਾਜਪੁਰਾ, ਹਰਸ਼ਦੀਪ ਸਿੰਘ, ਦਵਿੰਦਰ ਸਿੰਘ ਉਰਫ ਬੰਟੀ ਵਾਸੀਆਨ ਪਿੰਡ ਚਲਹੇੜੀ ਥਾਣਾ ਸ਼ੰਭੂ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ 03 ਹੋਰ ਮੁਲਜ਼ਮਾਂ ਜਿਨ੍ਹਾਂ ਵਿੱਚ ਦਵਿੰਦਰ ਸਿੰਘ ਉਰਫ ਦਿਲਬਰ ਵਾਸੀ ਪਿੰਡ ਚਲਹੇੜੀ ਥਾਣਾ ਸ਼ੰਭੂ, ਗੁਰਵਿੰਦਰ ਸਿੰਘ ਵਾਸੀ ਪਿੰਡ ਮਦਨਪੁਰ ਥਾਣਾ ਸ਼ੰਭੂ ਅਤੇ ਗੁਰਸੇਵਕ ਸਿੰਘ ਉਰਫ ਲਾਲਾ ਵਾਸੀ ਪਿੰਡ ਖਾਨਪੁਰ ਬੜਿੰਗ ਥਾਣਾ ਖੇੜੀ ਗੰਢਿਆਂ ਜ਼ਿਲ੍ਹਾ ਪਟਿਆਲਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪਲੀਸ ਨੇ ਵਾਰਦਾਤ ਵਿੱਚ ਵਰਤੇ ਤਿੰਨ ਮੋਟਰਸਾਈਕਲ ਵੀ ਬਰਾਮਦ ਕਰ ਲਏ ਹਨ।
ਮੁੱਢਲੀ ਪੁੱਛਪੜਾਲ ਤੋਂ ਇਹ ਗੱਲ ਸਾਹਮਣੇ ਆਈ ਕਿ ਇਸ ਕਤਲ ਦੇ ਪਿੱਛੇ ਮੁਲਜ਼ਮ ਜਸਵਿੰਦਰ ਸਿੰਘ ਵਾਸੀ ਭੰਗੂਆਂ ਦੀ ਜਸਪ੍ਰੀਤ ਸਿੰਘ ਵਾਸੀ ਕਲੌੜ ਨਾਲ ਪੈਸੇ ਦੇ ਲੈਣ ਦੇਣ ਸਬੰਧੀ ਰੰਜਿਸ਼ ਸੀ। ਜਸਪ੍ਰੀਤ ਸਿੰਘ ਟਰੈਵਲ ਏਜੰਟ ਦਾ ਕੰਮ ਕਰਦਾ ਸੀ ਜਿਸ ਨੇ ਮੁਲਜ਼ਮ ਜਸਵਿੰਦਰ ਸਿੰਘ ਨੂੰ ਅਪ੍ਰੈਲ 2017 ਵਿੱਚ ਮਲੇਸ਼ੀਆ ਭੇਜਿਆ ਸੀ ਅਤੇ ਇਸ ਦੇ ਬਦਲੇ 1,20,000/-ਰੁਪਏ ਲਏ ਸਨ ਅਤੇ ਨਾਲ ਇਹ ਵੀ ਕਿਹਾ ਸੀ ਕਿ ਮਲੇਸ਼ੀਆ ਵਿਖੇ ਜਸਵਿੰਦਰ ਸਿੰਘ ਨੂੰ 42,000/-ਰੁਪਏ ਪ੍ਰਤੀ ਮਹੀਨਾ 'ਤੇ ਕੰਮ ਵੀ ਦਿਵਾਏਗਾ, ਪ੍ਰੰਤੂ ਮਲੇਸ਼ੀਆ ਵਿਖੇ ਜਸਵਿੰਦਰ ਸਿੰਘ ਨੂੰ 17,000/-ਰੁਪਏ ਪ੍ਰਤੀ ਮਹੀਨਾ ਮਿਲਦਾ ਸੀ, ਜਿਸ ਕਾਰਨ ਜਸਵਿੰਦਰ ਸਿੰਘ ਸਤੰਬਰ 2017 ਵਿੱਚ ਵਾਪਸ ਪੰਜਾਬ ਆ ਗਿਆ ਅਤੇ ਆ ਕੇ ਜਸਪ੍ਰੀਤ ਸਿੰਘ ਤੋਂ ਆਪਣੇ ਪੈਸਿਆਂ ਦੀ ਮੰਗ ਕੀਤੀ ਤੇ ਇਨ੍ਹਾਂ ਦੋਵਾਂ ਵਿਚਾਲੇ ਬਹਿਸਬਾਜ਼ੀ ਹੋਈ ਸੀ।
ਇਸੇ ਤਕਰਾਰ ਕਾਰਨ ਮੁਲਜ਼ਮ ਜਸਵਿੰਦਰ ਸਿੰਘ ਨੇ ਆਪਣੇ ਭਾਣਜੇ ਚੰਨਪ੍ਰੀਤ ਸਿੰਘ ਅਤੇ ਅਰਵਿੰੰਦਰ ਸਿੰਘ ਦੇ ਨਾਲ ਸਾਜਿਸ਼ ਘੜ ਕੇ ਉਨ੍ਹਾਂ ਦੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਗੁਰਸੇਵਕ ਸਿੰਘ ਉਰਫ ਲਾਲਾ ਵਾਸੀ ਪਿੰਡ ਖਾਨਪੁਰ ਬੜਿੰਗ ਥਾਣਾ ਖੇੜੀ ਗੰਢਿਆਂ ਜ਼ਿਲ੍ਹਾ ਪਟਿਆਲਾ 'ਤੇ ਪਹਿਲਾ ਵੀ ਮੁਕੱਦਮਾਂ ਨੰਬਰ 18 ਮਿਤੀ 12.04.2015 ਅ/ਧ 341,354,506 ਹਿੰ:ਦੰ: ਥਾਣਾ ਖੇੜੀ ਗੰਢਿਆਂ ਜ਼ਿਲ੍ਹਾ ਪਟਿਆਲਾ ਵਿਖੇ ਦਰਜ ਹੈ।