← ਪਿਛੇ ਪਰਤੋ
ਚੰਡੀਗੜ੍ਹ•, 20 ਜੁਲਾਈ: ਪੰਜਾਬ ਰਾਜ ਵਿਚ ਹੋ ਰਹੀ ਬਾਰਸ਼ ਕਾਰਨ ਹੋਏ ਨੁਕਸਾਨ ਦਾ ਅਨੁਮਾਨ ਲਗਾਉਣ ਲਈ ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਪੰਜਾਬ ਰਾਜ ਵਿਚ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਾਲ ਮੰਤਰੀ ਵੱਲੋਂ ਪੰਜਾਬ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਜਿੱਥੇ ਵੀ ਕਿਸੇ ਥਾਂ ਬਾਰਸ਼ ਕਾਰਨ ਨੁਕਸਾਨ ਹੋਇਆ ਹੈ ਦੀ ਗਿਰਦਾਵਰੀ ਕਰਵਾਉਣ ਸਬੰਧੀ ਹੁਕਮ ਦੇਣ ਦੇ ਅਧਿਕਾਰ ਦੇ ਦਿੱਤੇ ਹਨ। ਬੁਲਾਰੇ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਨੂੰ ਕਿਸੇ ਤਰ੍ਹਾਂ ਦੀ ਰਹਿਬਰੀ ਦੀ ਲੋੜ ਪਵੇ ਤਾਂ ਉਹ ਵਿੱਤ ਕਮਿਸ਼ਨਰ ਮਾਲ ਪੰਜਾਬ ਰਾਜ ਨਾਲ ਸੰਪਰਕ ਕਰ ਸਕਦੇ ਹਨ। ਬੁਲਾਰੇ ਨੇ ਇਹ ਵੀ ਦੱਸਿਆ ਕਿ ਖਨੌਰੀ ਵਿਖੇ ਘੱਗਰ ਵਿਚ ਪਏ ਪਾੜ ਨੂੰ ਪੂਰਨ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਅਤੇ ਇਹ ਅੱਜ ਰਾਤ ਤੱਕ ਪੂਰ ਦਿੱਤਾ ਜਾਵੇਗਾ।
Total Responses : 936