ਅੰਮ੍ਰਿਤਸਰ, 23 ਜੁਲਾਈ 2019 - ਆਖ਼ਰਕਾਰ ਪੰਜਾਬ ਦੇ ਕੈਬਿਨੇਟ ਮੰਤਰੀ ਵਜੋਂ ਅਸਤੀਫਾ ਮਨਜੂਰ ਹੋਣ ਪਿੱਛੋਂ ਨਵਜੋਤ ਸਿੱਧੂ ਸਾਹਮਣੇ ਆ ਹੀ ਗਏ ਨੇ। ਸਿੱਧੂ ਨੇ ਮੁੜ ਤੋਂ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਹਨ। ਸਿੱਧੂ ਹੁਣ ਅੰਮ੍ਰਿਤਸਰ ਵਿਚ ਕੌਸਲਰਾਂ ਨਾਲ ਮੁਲਾਕਾਤ ਕਰਨਗੇ। ਇਹ ਮੀਟਿੰਗਾਂ ਲਗਾਤਾਰ ਤਿੰਨ ਦਿਨ ਚੱਲਣਗੀਆਂ। ਚੌਥੇ ਦਿਨ ਸਿੱਧੂ ਵਾਰਡ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਮੰਗਲਵਾਰ ਨੂੰ ਸਿੱਧੂ ਆਪਣੀ ਕੋਠੀ 'ਚ ਸਮਰਥਕਾਂ ਨੂੰ ਮਿਲੇ ਅਤੇ ਜਲਦ ਹੀ ਫੀਲਡ 'ਚ ਉਤਰਨ ਦੀ ਗੱਲ ਵੀ ਆਖੀ। ਅਜਿਹੇ 'ਵ ਸੰਕੇਤ ਇਹ ਮਿਲ ਰਹੇ ਨੇ ਕਿ ਸਿੱਧੂ ਬਹੁਤ ਜਲਦ ਹੀ ਆਪਣੇ ਸਿਆਸੀ ਪੱਤੇ ਖੋਲ੍ਹ ਸਕਦੇ ਹਨ।
ਇਹ ਵੀ ਖ਼ਬਰ ਹੈ ਕਿ ਪੰਜਾਬ ਕੈਬਿਨਟ ਤੋਂ ਬਾਹਰ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੀ ਕੌਮੀ ਕਾਰਜਕਾਰਨੀ ‘ਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ।
ਦੱਸਦਈਏ ਕਿ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈਣ ਤੋਂ ਬਾਅਦ ਸਿੱਧੂ ਤਕਰੀਬਨ ਡੇਢ ਮਹੀਨਾ ਹਲਕੇ ਵਿਚੋਂ ‘ਗਾਇਬ’ ਰਹੇ ਸਨ। ਜਿਆਦਾ ਸਮਾਂ ਉਨ੍ਹਾਂ ਨੇ ਦਿੱਲੀ ਹੀ ਗੁਜਾਰਿਆ। ਹੁਣ ਮੰਤਰੀ ਵਜੋਂ ਅਸਤੀਫਾ ਮਨਜੂਰ ਹੋਣ ਤੋਂ ਬਾਅਦ ਸਿੱਧੂ ਨੇ ਹਲਕੇ ਦੇ ਲੋਕਾਂ ਵਿਚ ਵਿਚਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਉਹ ਕੌਂਸਲਰਾਂ ਨਾਲ ਮੁਲਾਕਾਤ ਤੋਂ ਕਰਨਗੇ।