ਪਟਿਆਲਾ, 24 ਜੁਲਾਈ 2019 - ਪਟਿਆਲਾ ਪੁਲਿਸ ਨੇ 22 ਜੁਲਾਈ ਦੀ ਦੇਰ ਸ਼ਾਮ 08.30 ਵਜੇ ਪਿੰਡ ਖੇੜੀ ਗੰਡਿਆਂ ਤੋਂ ਅਚਾਨਕ ਲਾਪਤਾ ਹੋਏ ਦੋ ਬੱਚਿਆਂ ਦੀਆਂ ਤਸਵੀਰਾਂ ਅਤੇ ਵੇਰਵੇ ਜਾਰੀ ਕਰਕੇ ਇਨ੍ਹਾਂ ਦਾ ਪਤਾ ਲੱਗਣ ਦੀ ਸੂਰਤ 'ਚ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ ਹੈ। ਪਟਿਆਲਾ ਪੁਲਿਸ ਦੇ ਇੱਕ ਬੁਲਾਰੇ ਅਨੁਸਾਰ ਪਿੰਡ ਖੇੜੀ ਗੰਡਿਆਂ ਦੇ ਵਾਸੀ ਦੀਦਾਰ ਸਿੰਘ ਦੇ ਦੋ ਪੁੱਤਰ 10 ਸਾਲਾ ਜਸ਼ਨਦੀਪ ਸਿੰਘ ਅਤੇ ਉਸਦਾ ਛੋਟਾ ਭਰਾ 6 ਸਾਲਾ ਹਸਨਦੀਪ ਸਿੰਘ ਦੇ ਗੁੰਮ ਹੋਣ ਦੀ ਸੂਚਨਾ ਮੁਤਾਬਕ ਥਾਣਾ ਖੇੜੀ ਗੰਡਿਆ ਵਿਖੇ ਮੁਕੱਦਮਾ ਨੰਬਰ 67 ਮਿਤੀ 23/07/2019 ਤਹਿਤ ਦਰਜ ਕਰ ਲਿਆ ਗਿਆ ਸੀ। ਇਹ ਦੋਵੇਂ ਬੱਚੇ ਘਰੋਂ ਕੋਲਡ ਡਰਿੰਕ ਲੈਣ ਪਿੰਡ ਦੀ ਦੁਕਾਨ 'ਤੇ ਗਏ ਸਨ ਪਰੰਤੂ ਹੁਣ ਤੱਕ ਆਪਣੇ ਘਰ ਵਾਪਸ ਨਹੀਂ ਪੁੱਜੇ।
ਪੁਲਿਸ ਦੇ ਬੁਲਾਰੇ ਮੁਤਾਬਕ ਇਨ੍ਹਾਂ ਦੋਵਾਂ ਦੀ ਸੂਚਨਾ ਜਾਂ ਇਨ੍ਹਾਂ ਦਾ ਕੋਈ ਥਹੁ ਟਿਕਾਣਾ ਪਤਾ ਲੱਗਣ 'ਤੇ ਇਸਦੀ ਸੂਚਨਾ ਡੀ.ਐਸ.ਪੀ. ਘਨੌਰ ਦੇ ਮੋਬਾਇਲ ਨੰਬਰ 9915190863, ਐਸ.ਐਚ.ਓ. ਖੇੜੀ ਗੰਡਿਆ ਦੇ ਮੁਬਾਇਲ ਨੰਬਰ 9592919336 ਤੇ 9592999202, ਇੰਚਾਰਜ ਸੀ.ਆਈ.ਏ. ਪਟਿਆਲਾ ਦੇ ਮੋਬਾਇਲ ਨੰਬਰ 9592912444 ਅਤੇ ਪਟਿਆਲਾ ਪੁਲਿਸ ਦੇ ਕੰਟਰੋਲ ਰੂਮ ਦੇ ਫੋਨ ਨੰਬਰ 9592912500 'ਤੇ ਦਿੱਤੀ ਜਾ ਸਕਦੀ ਹੈ। ਇਨ੍ਹਾਂ ਦੋਵਾਂ ਬੱਚਿਆਂ ਦਾ ਰੰਗ ਕਣਕਵੰਨਾ ਹੈ ਅਤੇ ਸਿਰ ਦੇ ਵਾਲ ਕੱਟੇ ਹੋਏ ਹਨ।
ਬੁਲਾਰੇ ਮੁਤਾਬਕ ਪਟਿਆਲਾ ਪੁਲਿਸ ਨੇ ਦੋਵਾਂ ਬੱਚਿਆਂ ਦੀ ਭਾਲ ਹਿੱਤ ਆਪਣੀਆਂ ਵੱਖ-ਵੱਖ ਟੀਮਾਂ ਲਗਾਈਆਂ ਹੋਈਆਂ ਹਨ ਅਤੇ ਪੁਲਿਸ ਇਨ੍ਹਾਂ ਨੂੰ ਲੱਭਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ। ਜਦੋਂਕਿ ਇਨ੍ਹਾਂ ਬੱਚਿਆਂ ਦੀ ਸੂਚਨਾ ਭਾਰਤ ਸਰਕਾਰ ਦੇ 'ਟ੍ਰੈਕ ਦਾ ਮਿਸਿੰਗ ਚਾਇਲਡ' ਵਾਲੇ ਨੈਸ਼ਨਲ ਟ੍ਰੈਕਿੰਗ ਸਿਸਟਮ 'ਤੇ ਵੀ ਪਾ ਦਿੱਤੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਦੋਵੇਂ ਬੱਚਿਆਂ ਦੇ ਗੁੰਮ ਹੋਣ ਦੀ ਜਾਣਕਾਰੀ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਵੱਲੋਂ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ, ਪੰਜਾਬ ਸਮੇਤ ਰਾਜ ਦੇ ਸਾਰੇ ਪੁਲਿਸ ਕਮਿਸ਼ਨਰਜ, ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਐਸ.ਐਸ.ਪੀਜ ਸਮੇਤ ਪਟਿਆਲਾ ਜ਼ਿਲ੍ਹੇ ਅਤੇ ਪੂਰੇ ਦੇਸ਼ ਦੇ ਐਸ.ਐਚ.ਓਜ ਨੂੰ ਭੇਜਦਿਆਂ ਇਨ੍ਹਾਂ ਦਾ ਪਤਾ ਲੱਗਣ 'ਤੇ ਇਹ ਸੂਚਨਾ ਤੁਰੰਤ ਪਟਿਆਲਾ ਪੁਲਿਸ ਨਾਲ ਸਾਂਝੀ ਕਰਨ ਦਾ ਸੁਨੇਹਾ ਵੀ ਜਾਰੀ ਕੀਤਾ ਗਿਆ ਹੈ।