- ਅਸਲੀ ਬਿਜਲੀ ਮੀਟਰ ਦੀ ਥਾਂ ਛੇੜਛਾੜ ਕੀਤਾ ਨਕਲੀ ਮੀਟਰ ਲਗਾ ਕੇ ਬਿਜਲੀ ਚੋਰੀ ਕਰਵਾਉਂਦਾ ਸੀ
ਪਟਿਆਲਾ, 26 ਜੁਲਾਈ 2019 - ਪੰਜਾਬ ਰਾਜ ਬਿਜਲੀ ਨਿਗਮ ਦੇ ਬਿਜਲੀ ਚੋਰੀ ਵਿਰੋਧੀ ਥਾਣੇ ਦੀ ਪੁਲਿਸ ਨੇ ਬਿਜਲੀ ਚੋਰਾਂ 'ਤੇ ਨਕੇਲ ਕਸੀ ਹੈ। ਗ੍ਰਿਫ਼ਤਾਰ ਕੀਤੇ ਗਏ ਤਿੰਨ ਜਣਿਆਂ 'ਚ ਅਸਲੀ ਬਿਜਲੀ ਮੀਟਰ ਦੀ ਥਾਂ ਨਕਲੀ ਬਿਜਲੀ ਮੀਟਰ ਲਗਾ ਕੇ ਬਿਜਲੀ ਚੋਰੀ ਕਰਨ 'ਚ ਮਦਦ ਕਰਕੇ ਬਿਜਲੀ ਨਿਗਮ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਵਾਲਾ ਹਰਬੰਸ ਸਿੰਘ ਪੁੱਤਰ ਸੀਤਾ ਸਿੰਘ ਵਾਸੀ ਆਨੰਦ ਨਗਰ-ਬੀ ਪਟਿਆਲਾ, ਅਮਰਜੀਤ ਕੌਰ ਵਾਸੀ ਸਿੱਧੂ ਕਲੋਨੀ ਅਤੇ ਰਜਨੀਸ਼ ਸਕਸੈਨਾ ਪੁੱਤਰ ਫਕੀਰ ਚੰਦ ਸਕਸੈਨਾ ਵਾਸੀ ਬਿੰਦਰਾ ਕਲੋਨੀ ਸ਼ਾਮਲ ਹਨ।
ਇਹ ਜਾਣਕਾਰੀ ਦਿੰਦਿਆਂ ਪੀ. ਐਸ.ਪੀ. ਸੀ.ਐਲ ਪਟਿਆਲਾ ਦੇ ਐਸ.ਐਸ.ਪੀ. (ਚੌਕਸੀ ਤੇ ਸੁਰੱਖਿਆ) ਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਜਲੀ ਨਿਗਮ ਦੇ ਸੀ.ਐਮ.ਡੀ. ਇੰਜ. ਬਲਦੇਵ ਸਿੰਘ ਸਰਾਂ ਅਤੇ ਬਿਜਲੀ ਨਿਗਮ ਦੇ ਡੀ.ਜੀ.ਪੀ. (ਚੌਕਸੀ ਤੇ ਸੁਰੱਖਿਆ) ਸਿਧਾਰਥ ਚਟੋਪਾਧਿਆ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਿਜਲੀ ਚੋਰਾਂ ਵਿਰੁੱਧ ਲਗਾਤਾਰ ਨਕੇਲ ਕਸੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਹਿਤ ਡੀ.ਐਸ.ਪੀ. ਵੀ.ਅਤੇ ਐਸ. ਸ. ਪਰਮਿੰਦਰ ਸਿੰਘ ਬਾਠ ਦੀ ਅਗਵਾਈ ਹੇਠ ਥਾਣਾ ਐਂਟੀ ਪਾਵਰ ਥੈਫਟ ਪਟਿਆਲਾ ਪੀ.ਐਸ.ਪੀ.ਸੀ.ਐਲ ਦੇ ਮੁੱਖ ਅਫਸਰ ਇੰਸਪੈਕਟਰ ਰਣਧੀਰ ਸਿੰਘ ਸੋਢੀ ਦੀ ਟੀਮ ਨੇ ਵੱਖ-ਵੱਖ ਮਾਮਲਿਆਂ 'ਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਮੀਟਰ ਨਾਲ ਛੇੜਛਾੜ ਕਰਕੇ ਇਸਨੂੰ ਤਬਦੀਲ ਕਰਨ ਵਾਲੇ ਹਰਬੰਸ ਸਿੰਘ ਕੋਲੋਂ ਮੀਟਰ ਨੂੰ ਬਦਲਣ ਵਾਲਾ ਸਾਜੋ ਸਮਾਨ ਵੀ ਬਰਾਮਦ ਹੋਇਆ ਹੈ।
ਐਸ.ਐਸ.ਪੀ. ਸ. ਬਰਾੜ ਨੇ ਦੱਸਿਆ ਕਿ ਮੁਕੱਦਮਾ ਨੰਬਰ 544 ਮਿਤੀ 20-07-2019 ਅ/ਧ 135, 136, 138 ਬਿਜਲੀ ਐਕਟ 2003 ਵਿਚ ਗ੍ਰਿਫ਼ਤਾਰ ਅਮਰਜੀਤ ਕੌਰ ਵਾਸੀ ਸਿੱਧੂ ਕਲੋਨੀ ਨੂੰ ਅਦਾਲਤ ਨੇ ਜੇਲ ਭੇਜ ਦਿੱਤਾ ਹੈ। ਇਸੇ ਤਰ੍ਹਾਂ ਮੁਕੱਦਮਾ ਨੰਬਰ 553 ਮਿਤੀ 22-07-2019 ਅ/ਧ 135 ਬਿਜਲੀ ਐਕਟ 2003 ਵਿਚ ਰਜਨੀਸ਼ ਸਕਸੈਨਾ ਪੁੱਤਰ ਫਕੀਰ ਚੰਦ ਸਕਸੈਨਾ ਵਾਸੀ ਬਿੰਦਰਾ ਕਲੋਨੀ ਪਟਿਆਲਾ, ਜਿਸ ਨੂੰ ਕਿ ਬਿਜਲੀ ਚੋਰੀ ਸਬੰਧੀ ਜੁਰਮਾਨਾ 39,472 ਰੁਪਏ ਅਤੇ ਕੰਪਾਊਡਿੰਗ ਫੀਸ 9000 ਰੁਪਏ ਪਾਈ ਗਈ ਸੀ, ਨੂੰ ਵੀ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਰਜਨੀਸ਼ ਸਕਸੈਨਾ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਉਸਦੀ ਪਤਨੀ ਵਿਜੈ ਲਕਸਮੀ ਵਿਰੁੱਧ ਮੁਕੱਦਮਾ ਨੰਬਰ 545 ਮਿਤੀ 20-07-2019 ਅ/ਧ 135, 136, 138 ਬਿਜਲੀ ਐਕਟ 2003 ਵਿਚ ਜੁਰਮਾਨਾ 86,900 ਰੁਪਏ ਅਤੇ ਕੰਪਾਊਡਿੰਗ ਫੀਸ 18000 ਪੀ.ਐਸ.ਪੀ.ਸੀ.ਐਲ ਵੱਲੋ ਪਾਈ ਗਈ ਸੀ। ਉਸ ਵਿਰੁੱਧ ਮੀਟਰ ਬਦਲੀ ਕਰਕੇ ਹੋਰ ਜਾਅਲੀ/ਪ੍ਰਾਈਵੇਟ ਮੀਟਰ ਲਗਾ ਕੇ ਬਿਜਲੀ ਚੋਰੀ ਕਰਨ ਦਾ ਵੀ ਕੇਸ ਦਰਜ ਹੋਇਆ ਹੈ।
ਸ. ਬਰਾੜ ਨੇ ਦੱਸਿਆ ਕਿ ਉਸਨੇ ਖੁਲਾਸਾ ਕੀਤਾ ਕਿ ਉਸਨੇ ਇਹ ਮੀਟਰ ਹਰਬੰਸ ਸਿੰਘ ਪੁੱਤਰ ਸੀਤਾ ਸਿੰਘ ਵਾਸੀ ਗਲੀ ਨੰਬਰ 16 ਆਨੰਦ ਨਗਰ ਬੀ ਤੋਂ ਬਦਲਵਾਇਆ ਸੀ, ਜੋਕਿ ਮੀਟਰ ਬਦਲੀ ਕਰਨ ਇਨ੍ਹਾਂ ਨਾਲ ਛੇੜਛਾੜ ਕਰਨ ਦਾ ਕੰਮ ਕਰਦਾ ਸੀ। ਮੁਕੱਦਮਾ ਨੰਬਰ 545 ਦੀ ਤਫਤੀਸ਼ ਦੌਰਾਨ ਹਰਬੰਸ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋਕਿ ਛੇੜਛਾੜ ਹੋਏ ਬਿਜਲੀ ਮੀਟਰਾਂ ਰਾਹੀਂ ਪੰਜਾਬ ਰਾਜ ਪਾਵਰ ਕਾਰਪੋਰੇਸਨ ਨੂੰ ਵਿੱਤੀ ਨੁਕਸਾਨ ਪੁਹੰਚਾ ਰਿਹਾ ਸੀ। ਇਸ ਕੋਲੋਂ ਹੋਰ ਪੁੱਛ ਪੜਤਾਲ ਜਾਰੀ ਹੈ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਾਲੀ ਟੀਮ 'ਚ ਏ.ਐਸ.ਆਈ. ਪਾਖਰ ਸਿੰਘ, ਏ.ਐਸ.ਆਈ. ਗੁਰਜੰਟ ਸਿੰਘ, ਹੌਲਦਾਰ ਬਲਦੇਵ ਸਿੰਘ, ਰਾਜੇਸ਼ ਕੁਮਾਰ, ਸੀਨੀਅਰ ਸਿਪਾਹੀ ਮਨਜੀਤ ਸਿੰਘ, ਮਹਿਲਾ ਸੀਨੀਅਰ ਸਿਪਾਹੀ ਪਰਮਜੀਤ ਕੌਰ ਸ਼ਾਮਲ ਸਨ।