-ਪਿੰਡ ਖੇੜੀ ਗੰਡਿਆਂ ਤੋਂ ਲਾਪਤਾ ਹੋਏ ਬੱਚਿਆਂ ਦੀ ਭਾਲ ਲਈ ਪੁਲਿਸ ਨੇ ਹਰਿਆਣਾ 'ਚ ਸ਼ੁਰੂ ਕੀਤੀ ਖੋਜ ਮੁਹਿੰਮ
-ਡੀ.ਐਸ.ਪੀ. ਸਮੇਤ ਪੁਲਿਸ ਪਾਰਟੀ ਨੇ ਗੋਤਾਖੋਰਾਂ ਦੀ ਮਦਦ ਨਾਲ ਪਿੰਡ ਇਸਮਾਇਲਪੁਰ ਨੇੜੇ ਮਲੌਰ ਹੈਂਡ ਤੋਂ ਜਨਸੂਈ ਹੈਂਡ ਤੱਕ ਕੀਤੀ ਖੋਜ
ਪਟਿਆਲਾ/ਰਾਜਪੁਰਾ/ਘਨੌਰ, 1 ਅਗਸਤ 2019 - ਬੀਤੇ ਦਿਨੀਂ ਪਿੰਡ ਖੇੜੀ ਗੰਡਿਆਂ ਤੋਂ ਭੇਦਭਰੀ ਹਾਲਤ 'ਚ ਲਾਪਤਾ ਹੋਏ ਦੋ ਮਾਸੂਮ ਬੱਚਿਆਂ ਦੀ ਭਾਲ ਲਈ ਪਟਿਆਲਾ ਪੁਲਿਸ ਨੇ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਅੰਦਰ ਪੈਂਦੇ ਪਿੰਡ ਇਸਮਾਇਲ ਪੁਰ ਨੇੜੇ ਮਲੌਰ ਹੈਂਡ ਤੋਂ ਜਨਸੂਈ ਹੈਂਡ ਤੱਕ ਖੋਜ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੱਚਿਆਂ ਦੀ ਭਾਲ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਨਹਿਰਾਂ ਵਿਚ ਭਾਲ ਕਰਨ ਲਈ ਮਾਹਰ ਗੋਤਾਖੋਰਾਂ ਅਤੇ ਕਿਸ਼ਤੀਆਂ ਦੀ ਮਦਦ ਲਈ ਜਾ ਰਹੀ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਅੱਜ ਡੀ.ਐਸ.ਪੀ. ਦਿਹਾਤੀ ਅਜੈਪਾਲ ਸਿੰਘ ਦੀ ਅਗਵਾਈ 'ਚ ਘਨੌਰ ਪੁਲਿਸ ਥਾਣੇ ਦੇ ਐਸ.ਐਚ.ਓ ਸਮੇਤ ਪੁਲਿਸ ਪਾਰਟੀ ਵੱਲੋਂ ਗੋਤਾਖੋਰਾਂ ਤੇ ਮੋਟਰ ਕਿਸ਼ਤੀਆਂ ਦੀ ਮਦਦ ਨਾਲ ਹਰਿਆਣਾ ਦੇ ਪਿੰਡ ਇਸਮਾਇਲ ਪੁਰ ਨੇੜੇ ਮਲੌਰ ਹੈਂਡ ਤੋਂ ਜਨਸੂਈ ਹੈਂਡ ਤੱਕ ਗੋਤਾਖੋਰਾਂ ਅਤੇ ਮੋਟਰ ਕਿਸ਼ਤੀਆਂ ਨਾਲ ਬੱਚਿਆਂ ਦੀ ਭਾਲ ਦਾ ਕੰਮ ਆਰੰਭ ਕੀਤਾ ਹੋਇਆ ਹੈ।
ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੈ ਨਾਲ ਹਰੇਕ ਪੱਖ ਤੋਂ ਛਾਣ-ਬੀਣ ਕਰ ਰਿਹਾ ਹੈ ਅਤੇ ਇਸ ਮਾਮਲੇ ਦੇ ਹੱਲ ਲਈ ਪੁਲਿਸ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਗੁੰਮਸ਼ੁਦਗੀ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।
ਇਸ ਮੌਕੇ ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕਰਦਿਆ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸਹਿਯੋਗ ਕਰੇ ਤਾਂ ਜੋ ਲਾਪਤਾ ਬੱਚਿਆਂ ਨੂੰ ਲੱਭਿਆ ਜਾ ਸਕੇ।