ਪਟਿਆਲਾ, 10 ਅਗਸਤ 2019 - ਭਾਸ਼ਾ ਵਿਭਾਗ, ਪੰਜਾਬ ਵੱਲੋਂ ਬੀਤੇ ਲਗਭਗ 45 ਸਾਲਾਂ ਤੋਂ ਨਿਰੰਤਰ ਜਾਰੀ ਉਰਦੂ ਜ਼ੁਬਾਨ ਦੀ ਤਰੱਕੀ ਲਈ ਐਲੀਮੈਂਟਰੀ ਉਰਦੂ ਸਿੱਖਿਆ ਦੇ ਕੋਰਸ ਉਰਦੂ ਆਮੋਜ਼ ਦੇ ਸੈਸ਼ਨ, ਜਨਵਰੀ-ਜੂਨ, 2019 ਦੇ ਇਮਤਿਹਾਨ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਨਤੀਜੇ ਅਨੁਸਾਰ ਪੰਜਾਬ ਭਰ ਦੇ ਕੁੱਲ 13 ਜ਼ਿਲ੍ਹਿਆਂ ਵਿੱਚ ਆਯੋਜਿਤ ਹੋਏ ਇਸ ਇਮਤਿਹਾਨ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ। ਨਤੀਜੇ ਅਨੁਸਾਰ ਜ਼ਿਲ੍ਹਾ ਕਪੂਰਥਲਾ ਕੇਂਦਰ ਦੇ ਵਿਦਿਆਰਥੀ ਮੁਹੰਮਦ ਇਮਰਾਨ ਪੰਜਾਬ ਭਰ ਵਿੱਚ ਪਹਿਲੇ ਸਥਾਨ ਤੇ ਰਹੇ, ਜਦੋਂ ਕਿ ਕਪੂਰਥਲਾ ਕੇਂਦਰ ਦੀ ਹੀ ਵਿਦਿਆਰਥਨ ਸ਼ਾਹੀਨ ਸੋਨੀ ਦੂਜੇ ਸਥਾਨ ਤੇ ਰਹੀ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਕੇਂਦਰ ਦੇ ਵਿਦਿਆਰਥੀ ਈਸ਼ਵਰ ਸਿੰਘ ਇਮਤਿਹਾਨ ਵਿੱਚ ਸਫ਼ਲ ਹੋ ਕੇ ਤੀਜੇ ਸਥਾਨ ਤੇ ਰਹੇ। ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪਟਿਆਲਾ ਕੇਂਦਰ ਦੀ ਵਿਦਿਆਰਥਨ ਪ੍ਰਵੀਨ ਕੁਮਾਰੀ ਸੁਪਤਨੀ ਸ਼ਿਵ ਕੁਮਾਰ ਕੁਕਰੇਜਾ ਜਿਲ੍ਹਾ ਪਟਿਆਲਾ ਤੋਂ ਪਹਿਲੇ ਸਥਾਨ ਤੇ ਰਹੀ ਅਤੇ ਪੰਜਾਬ ਭਰ ਵਿੱਚ ਚੌਥਾ ਸਥਾਨ ਹਾਸਿਲ ਕਰਨ ਵਿੱਚ ਸਫ਼ਲ ਹੋਈ।
ਭਾਸ਼ਾ ਵਿਭਾਗ ਪੰਜਾਬ ਵੱਲੋਂ ਉਰਦੂ ਭਾਸ਼ਾ ਦੀ ਐਲੀਮੈਂਟਰੀ ਸਿੱਖਿਆ ਦਾ ਕੋਰਸ ਉਰਦੂ ਆਮੋਜ਼ ਸਾਲ ਵਿੱਚ ਦੋ ਵਾਰ ਛਿਮਾਹੀ ਅਧਾਰਿਤ ਦੋ ਸੈਸ਼ਨਾਂ ਅਧੀਨ ਸੰਪੰਨ ਹੁੰਦਾ ਹੈ। ਇਹ ਕੋਰਸ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਲਕੁਲ ਮੁਫ਼ਤ ਕਰਵਾਇਆ ਜਾਂਦਾ ਹੈ। ਇਸ ਕੋਰਸ ਅਧੀਨ ਹਜ਼ਾਰਾਂ ਵਿਦਿਆਰਥੀ ਪੰਜਾਬ ਭਰ ਦੇ ਜਿਲ੍ਹਾ ਭਾਸ਼ਾ ਦਫ਼ਤਰਾਂ ਵਿਖੇ ਦਾਖ਼ਲਾ ਲੈ ਕੇ ਉਰਦੂ ਭਾਸ਼ਾ ਦੀ ਤਾਲੀਮ ਮੁਫ਼ਤ ਹਾਸਿਲ ਕਰ ਕੇ ਆਪਣੀਆਂ ਭਾਸ਼ਾਵਾਂ ਵਿੱਚ ਵਾਧਾ ਕਰਦੇ ਹਨ ਅਤੇ ਬਹੁਤ ਥਾਵਾਂ ਤੇ ਇਹ ਭਾਸ਼ਾ ਨੌਕਰੀ ਹਾਸਿਲ ਕਰਨ ਸਬੰਧੀ ਬਹੁਤ ਉਪਯੋਗੀ ਸਿੱਧ ਹੁੰਦੀ ਹੈ।