ਮਾਨਸਾ 12 ਅਗਸਤ 2019: 12 ਅਗਸਤ ਨੂੰ ਈਦਗਾਹ ਮਾਨਸਾ ਵਿਖੇ ਈਦ-ਉਲ-ਅਜ਼ਹਾ ਦੀ ਨਮਾਜ਼ ਮੌਲਵੀ ਹਾਫਿਜ਼ ਹਾਜ਼ੀ ਉਮਰਦੀਨ ਜੀ ਦੀ ਰਹਿਨਮਾਈ ਹੇਠ ਅਦਾ ਕੀਤੀ ਗਈ। ਇਸ ਮੌਕੇ ਹਾਜ਼ੀ ਉਮਰਦੀਨ ਨੇ ਕੁਰਬਾਨੀ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਆਪਣੇ ਦੇਸ਼ ਅਤੇ ਆਪਣੀ ਕੌਮ ਲਈ ਇਨਸਾਨੀਅਤ ਦੇ ਭਲੇ ਲਈ ਹਰ ਵਕਤ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਜਜ਼ਬਾ ਇਨਸਾਨ ਅੰਦਰ ਹੋਣਾ ਜ਼ਰੂਰੀ ਹੈ। ਇਸ ਮੌਕੇ ਦੂਰ ਦੁਰਾਡੇ ਤੋਂ ਆਏ ਹੋਏ ਸਾਰੇ ਭਾਈਚਾਰੇ ਨੂੰ ਆਪਸੀ ਏਕਤਾ ਅਤੇ ਪਿਆਰ ਨਾਲ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਬਲਜਿੰਦਰ ਸੰਗੀਲਾ, ਹੰਸ ਰਾਜ ਮੋਫਰ ਨੇ ਸਾਰਿਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ।
ਈਦ-ਉਲ-ਅਜਹਾ ਦਾ ਸਾਰਾ ਪ੍ਰਬੰਧ ਮੁਸਲਿਮ ਕਮੇਟੀ ਕਬਰਸਤਾਨ ਮਸਜਿਦ ਮਾਨਸਾ ਵੱਲੋਂ ਕੀਤਾ ਗਿਆ। ਇਸ ਮੌਕੇ ਮੁਸਲਿਮ ਕਮੇਟੀ ਦੇ ਪ੍ਰਧਾਨ ਹਬੀਬ ਖਾਂ ਅਤੇ ਸਕੱਤਰ ਸ਼ਾਹਨਾਜ ਅਲੀ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਮੁਸਲਿਮ ਕਮੇਟੀ ਵੱਲੋਂ ਹਲਵੇ ਦੇ ਲੰਗਰ ਅਤੇ ਚਾਹ ਪਾਣੀ ਦਾ ਇੰਤਜਾਮ ਕੀਤਾ ਗਿਆ। ਮੁਹਮੰਦ ਹਸਨ, ਗੋਰਾ ਖਾਂ, ਦਾਰਾ ਖਾਂ, ਗੱਗੀ ਖਾਂ, ਫਿਰੋਜ ਖਾਂ, ਸਲੀਮ ਖਾਂ, ਮਕਬੂਲ ਅਹਿਮਦ (ਮਖਨੀ), ਬਾਰੀ ਖਾਂ ਆਦਿ ਨੇ ਈਦ ਦੇ ਪ੍ਰਬੰਧਾਂ ਵਿੱਚ ਵੱਧ-ਚੜ੍ਹ ਕੇ ਸਭ ਨੇ ਆਪਣਾ ਯੋਗਦਾਨ ਪਾਇਆ।