ਚੰਡੀਗੜ, 12 ਅਗਸਤ, 2019: ਚੰਡੀਗੜ੍ਹ ਦੇ ਏਲਾਂਤੇ ਮਾਲ 'ਚ ਬੰਬ ਹੋਣ ਦੀ ਉੱਡੀ ਅਫਵਾਹ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦਿਆਂ ਸਰਚ ਅਭਿਆਨ ਚਲਾਇਆ ਗਿਆ ਜਿਸ 'ਚ ਪਾਇਆ ਗਿਆ ਕਿ ਇਹ ਮਹਿਜ਼ ਇੱਕ ਅਫਵਾਹ ਹੀ ਸੀ।
ਬੰਬ ਦੀ ਕਾਲ ਆਉਣ ਤੋਂ ਬਾਅਦ ਏਲਾਂਤੇ ਮਾਲ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਆਮ ਨਾਗਰਿਕਾਂ ਨੂੰ ਉਥੋਂ ਬਾਹਰ ਕੱਢ ਦਿੱਤਾ ਗਿਆ ਸੀ। ਪਰ ਸ਼ਾਮ ਨੂੰ ਪ੍ਰਸ਼ਾਸਨ ਨੇ ਬੰਬ ਨਾ ਹੋਣ ਦੀ ਪੁਸ਼ਟੀ ਕਰਦਿਆਂ ਮਾਲ ਨੂੰ ਦੁਬਾਰਾ ਤੋਂ ਲੋਕਾਂ ਲਈ ਖੋਲ੍ਹ ਦਿੱਤਾ ਹੈ।
ਏਲਾਂਤੇ ਮਾਲ ਵੱਲੋਂ ਆਫੀਸ਼ੀਅਲੀ ਬਿਆਨ ਦਿੰਦਿਆਂ ਕਿਹਾ ਗਿਆ ਕਿ ਮਾਲ 'ਚ ਬੰਬ ਹੋਣ ਦੀ ਕਿਸੇ ਨੇ ਅਫਵਾਹ ਉਡਾਈ ਸੀ ਜੋ ਕਿ ਹੁਣ ਪ੍ਰਸ਼ਾਸਨ ਵੱਲੋਂ ਸਾਫ ਕਰ ਲਿਆ ਗਿਆ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਲ ਦਾ ਸਾਰਾ ਸਟਾਫ ਬਿਲਕੁਲ ਸਹੀ ਸਲਾਮਤ ਹੈ ਅਤੇ ਸਮੁੱਚੀ ਮੈਨੇਜਮੈਂਟ ਵੱਲੋਂ ਆਪਣੇ ਮਾਲ ਦੇ ਸਟਾਫ ਅਤੇ ਦੁਕਾਨਦਾਰਾਂ ਦੇ ਨਾਲ ਨਾਲ ਲੋਕਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅਫਵਾਹ ਫੈਲਣ ਤੋਂ ਬਾਅਦ ਮਾਲ ਨੂੰ 20 ਮਿੰਟਾਂ ਅੰਦਰ ਖਾਲੀ ਕਰ ਦਿੱਤਾ ਗਿਆ ਸੀ ਤੇ ਤਕਰੀਬਨ 4 ਘੰਟਿਆਂ ਬਾਅਦ ਸਾਰੀ ਸਥਿਤੀ ਅੰਡਰ ਕੰਟ੍ਰੋਲ ਹੋ ਗਈ ਸੀ ਤੇ ਮਾਲ ਨੂੰ 5.30 ਵਜੇ ਸ਼ਾਮ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਸੀ।