ਜਗਦੀਸ਼ ਥਿੰਦ
ਫਾਜ਼ਿਲਕਾ 13 ਅਗਸਤ
ਵਿਸ਼ਵ ਅੰਗ ਦਾਨ ਦਿਵਸ ਦੇ ਮੌਕੇ ਤੇ ਦਫ਼ਤਰ ਸਿਵਲ ਸਰਜਨ ਫਾਜਿਲਕਾ ਵਿਖੇ ਸੋਸ਼ਲ ਵੈਲਫੇਅਰ ਸੋਸਾਇਟੀ ਫਾਜਿਲਕਾ ਦੇ ਪਦਾਧਿਕਾਰੀਆਂ ਨੇ ਸਿਵਲ ਸਰਜਨ ਡਾ. ਦਲੇਰ ਮੁਲਤਾਨੀ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਸੰਸਥਾ ਦੁਆਰਾ ਕੀਤੀਆਂ ਜਾ ਰਹੀਆਂ ਸਮਾਜ ਭਲਾਈ ਦੀਆਂ ਗਤੀ ਵਿਧੀਆਂ ਬਾਰੇ ਸਿਵਲ ਸਰਜਨ ਨੂੰ ਜਾਣੂ ਕਰਵਾਇਆ।
ਡਾ. ਮੁਲਤਾਨੀ ਨੇ ਸੋਸਾਇਟੀ ਦੇ ਸਮਾਜ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਅੰਗ ਦਾਨ/ਅੱਖਾਂ ਦੇ ਦਾਨ ਲਈ ਵੀ ਸੋਸਾਇਟੀ ਕੰਮ ਕਰ ਰਹੀ ਹੈ ਪਰ ਇਸ ਸੰਬੰਧੀ ਹੋਰ ਵੀ ਬਹੁਤ ਕੁੱਝ ਕਰਨਾ ਬਾਕੀ ਹੈ। ਕਿਉਂਕਿ ਅੱਜਕਲ ਲੋਕ ਅੰਗ ਦਾਨ ਕਰਨ ਲਈ ਪ੍ਰੇਰਿਤ ਤਾਂ ਹੋ ਜਾਂਦੇ ਹਨ ਅਤੇ ਆਪਣਾ ਰਜਿਸਟ੍ਰੇਸ਼ਨ ਵੀ ਕਰਵਾ ਲੈਂਦੇ ਹਨ, ਪਰ ਮੌਤ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰ ਅੰਗ ਦਾਨ ਕਰਨ ਤੋਂ ਸੰਕੋਚ ਕਰਦੇ ਹਨ, ਜਿਸ ਕਰਕੇ ਭਾਰਤ ਵਿੱਚ ਅੰਗ ਦਾਨ ਬਹੁਤ ਘੱਟ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਦਾ ਇੱਕ ਮੁੱਖ ਕਾਰਨ ਲੋਕਾਂ ਦੇ ਦਿਲਾਂ ਵਿੱਚ ਇਹ ਭਰਮ ਹੈ ਕਿ ਜੇਕਰ ਕਿਸੇ ਮ੍ਰਿਤਕ ਨੇ ਅੰਗ ਦਾਨ ਕਰ ਦਿੱਤਾ ਤਾਂ ਉਸ ਨੂੰ ਅਗਲੇ ਜਨਮ ਵਿੱਚ ਉਹ ਅੰਗ ਨਹੀ ਮਿਲੇਗਾ ਜੋ ਕਿ ਬਿਲਕੁੱਲ ਗਲਤ ਅਤੇ ਅਵਿਗਿਆਨਿਕ ਧਾਰਨਾ ਹੈ। ਡਾ. ਮੁਲਤਾਨੀ ਨੇ ਕਿਹਾ ਕਿ ਸਾਇੰਸ ਮੁਤਾਬਿਕ ਸ਼ਰੀਰ ਦੇ ਅੰਗਾਂ ਦੀ ਬਣਤਰ ਮਾਂ ਦੇ ਸ਼ਰੀਰ, ਗਰਭਧਾਰਨ ਦੌਰਾਨ ਖੁਰਾਕ ਅਤੇ ਵਾਤਾਵਰਣ ਤੇ ਨਿਰਭਰ ਹੈ, ਨਾਲ ਹੀ ਇਹ ਵੀ ਕਿਹਾ ਕਿ ਅੰਗ ਦਾਨ ਕਰਨ ਲਈ ਨੌਜਵਾਨਾ ਨੂੰ ਅਗੇ ਆਉਣਾ ਪਵੇਗਾ ਤਾਂ ਕਿ ਮ੍ਰਿਤਕ ਦੇ ਸ਼ਰੀਰ ਅੰਗਾਂ ਦੀ ਸਹੀ ਵਰਤੋਂ ਹੋ ਸਕੇ।
ਸੇਵਾ ਸੋਸਾਇਟੀ ਦੇ ਪ੍ਰਧਾਨ ਸ੍ਰੀ ਸਸ਼ੀਕਾਂਤ ਨੇ ਕਿਹਾ ਕਿ ਸੋਸਾਇਟੀ ਮੰਗ ਕਰਦੀ ਹੈ ਕਿ ਅੰਗ ਦਾਨੀ ਲਈ ਡਰਾਇਵਿੰਗ ਲਾਈਸੈਂਸ ਅਲੱਗ ਰੰਗ ਦਾ ਹੋਣਾ ਚਾਹੀਦਾ ਹੈ ਅਤੇ ਉਸ ਵਿੱਚ ਅੰਗ ਦਾਨ ਕਰਨ ਦੀ ਸਹਿਮਤੀ ਦਰਜ਼ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਵਾਪਰਨ ਤੇ ਤੁਰੰਤ ਉਸ ਦੇ ਅੰਗਾਂ ਨੂੰ ਦਾਨ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਤੇ ਰਵੀ ਜੁਨੇਜਾ, ਬਾਬੂ ਲਾਲ ਅਰੋੜਾ, ਸੁਨੀਲ ਸੇਠੀ, ਅਨਿਲ ਧਾਮੂ ਜਿਲ੍ਹਾ ਮਾਸ ਮੀਡੀਆ ਅਫ਼ਸਰ ਮੌਜੂਦ ਸਨ।