-ਭਾਰਤ ਦੇ ਅੰਦਰੂਨੀ ਮਾਮਲਿਆਂ ਤੋਂ ਦੂਰ ਰਹੋ - ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ, 13 ਅਗਸਤ 2019 - ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਵੱਲੋਂ ਭਾਰਤੀ ਫੌਜ ਵਿੱਚ ਪੰਜਾਬੀਆਂ ਨੂੰ ਬਗਾਵਤ ਲਈ ਉਕਸਾਉਣ ਬਾਰੇ ਕੀਤੇ ਭੜਕਾਊ ਟਵੀਟ 'ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਆਪਣੇ ਕੰਮ ਨਾਲ ਵਾਸਤਾ ਰੱਖਣ ਤੇ ਭਾਰਤ ਦੇ ਅੰਦਰੂਨੀ ਮਾਮਲਿਆਂ ਤੋਂ ਦੂਰ ਰਹਿਣ ਲਈ ਆਖਿਆ।
ਪਾਕਿਸਤਾਨ ਦੇ ਮੰਤਰੀ ਵੱਲੋਂ ਕੀਤੀ ਟਿੱਪਣੀ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਭਾਰਤੀ ਫੌਜ ਅਨੁਸ਼ਾਸਨਬੱਧ ਅਤੇ ਰਾਸ਼ਟਰਵਾਦੀ ਫੋਰਸ ਹੈ। ਉਨ੍ਹਾਂ ਨੇ ਕਸ਼ਮੀਰ ਮਸਲੇ 'ਤੇ ਦਖਲ ਦੇਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਨ ਵਿਰੁੱਧ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਹਿੱਸਾ ਹੈ ਅਤੇ ਰਹੇਗਾ।
ਇਸ ਤੋਂ ਪਹਿਲਾ ਪਾਕਿਸਤਾਨ ਦੇ ਸੂਚਨਾ ਅਤੇ ਤਕਨੀਕ ਮੰਤਰੀ ਫਵਾਦ ਚੌਧਰੀ ਨੇ ਟਵੀਟ ਕਰਕੇ ਭਾਰਤੀ ਫੌਜ ਵਿੱਚ ਸ਼ਾਮਲ ਪੰਜਾਬੀ ਜਵਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਕਸ਼ਮੀਰੀਆਂ 'ਤੇ ਹੋ ਰਹੇ ਜ਼ੁਲਮ ਖ਼ਿਲਾਫ਼ ਆਪਣੀ ਡਿਊਟੀ ਨਾ ਕਰਨ। ਉਨ੍ਹਾਂ ਟਵੀਟ ਕੀਤਾ, 'ਮੈਂ ਇੰਡੀਅਨ ਆਰਮੀ ਵਿੱਚ ਸਾਰੇ ਪੰਜਾਬੀ ਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੰਡੀਅਨ ਸਰਕਾਰ ਦੇ ਮਜ਼ਲੂਮ ਕਸ਼ਮੀਰੀਆਂ ਤੇ ਹੋ ਰਹੇ ਜ਼ੁਲਮ ਦੇ ਖ਼ਿਲਾਫ਼ ਆਪਣੀ ਆਰਮੀ ਡਿਊਟੀ ਤੋਂ ਇਨਕਾਰ ਕਰ ਦਿਓ !!'
ਜਿਸ ਤੋਂ ਬਾਅਦ ਕੈਪਟਨ ਨੇ ਫਵਾਦ ਚੌਧਰੀ ਨੂੰ ਇਹ ਜਵਾਬ ਦਿੱਤਾ ਹੈ।