ਮਿੱਤਰ ਸੈਨ ਸ਼ਰਮਾ
ਮਾਨਸਾ 13 ਅਗਸਤ 2019 : ਪਿੰਡ ਬਣਾਂਵਾਲੀ ਅਤੇ ਭੀਖੀ ਲਾਗੇ ਵਾਪਰੇ ਦੋ ਵੱਖ–ਵੱਖ ਸੜਕ ਹਾਦਸਿਆਂ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦਕਿ ਇਸ 'ਚ ਦੋ ਬੱਚਿਆਂ ਸਮੇਤ ਚਾਰ ਵਿਅਕਤੀ ਜਖ਼ਮੀ ਹੋ ਗਏ ਹਨ। ਘਟਨਾ 'ਚ ਜਖ਼ਮੀ ਹੋਏ ਦੋ ਬੱਚਿਆਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਦੀ ਸਵੇਰ ਗੁਰਦੀਪ ਸਿੰਘ (20) ਵਾਸੀ ਪਿੰਡ ਤਲਵੰਡੀ ਅਕਲੀਆਮੋਟਰਸਾਇਕਲ 'ਤੇ ਸਵਾਰ ਹੋ ਕੇ ਕਰਮਜੀਤ ਕੌਰ ਅਤੇ ਦੋ ਬੱਚੇ ਏਕਮ ਅਤੇ ਮਹਿਕਦੀਪ ਨਾਲ ਮਾਨਸਾ ਤੋਂ ਆਪਣੇ ਪਿੰਡ ਤਲਵੰਡੀ ਅਕਲੀਆ ਵੱਲ ਜਾ ਰਿਹਾ ਸੀ, ਜਦਕਿ ਅੱਗੇ ਤੋਂ ਇੱਕ ਨੌਜਵਾਨ ਬੱਬੂ (32) ਬਹਿਣੀਵਾਲ ਤੋਂ ਆਪਣੇ ਪਿੰਡ ਮੌਜੀਆ ਵੱਲ ਮੋਟਰਸਾਇਕਲ 'ਤੇ ਜਾ ਰਿਹਾ ਸੀ, ਦੋਵਾਂ ਦੇ ਮੋਟਰਸਾਇਕਲ ਦੀ ਆਪਸ 'ਚ ਬਣਾਂਵਾਲੀ ਥਰਮਲ ਦੇ ਲਾਗੇ ਟੱਕਰ ਹੋ ਗਈ, ਜਿਸ 'ਚ ਦੋਵੇਂ ਨੌਜਵਾਨ ਗੁਰਦੀਪ ਸਿੰਘ ਅਤੇ ਬੱਬੂ ਦੀ ਮੌਤ ਹੋ ਗਈ, ਜਦਕਿ ਕਿ ਕਰਮਜੀਤ ਕੌਰ ਸਮੇਤ ਦੋਵੇਂ ਬੱਚੇ ਗੰਭੀਰ ਰੂਪ 'ਚ ਜਖ਼ਮੀ ਹੋ ਗਏ, ਉਨ੍ਹਾਂ ਨੂੰ ਮਾਨਸਾ ਅਤੇ ਬਠਿੰਡਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਚੌਂਕੀ ਬਹਿਣੀਵਾਲ ਦੇ ਮੁੱਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਘਟਨਾ ਨੂੰ ਲੈ ਕੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੂਸਰੀ ਘਟਨਾ ਦੌਰਾਨ ਮੋਟਰਸਾਇਕਲ ਚਾਲਕ ਰਾਜਵਿੰਦਰ ਸਿੰਘ (23) ਵਾਸੀ ਮਾਨਸਾ ਦੀ ਪਿੰਡ ਅਤਲਾ ਕਲਾਂ ਲਾਗੇ ਸੜਕ ਦੁਰਘਟਨਾ 'ਚ ਮੌਤ ਹੋ ਗਈ ਹੈ, ਜਦਕਿ ਉਸ ਦਾ ਸਾਥੀ ਰਾਕੇਸ਼ ਕੁਮਾਰ ਜਖ਼ਮੀ ਹੋ ਗਿਆ ਹੈ, ਜਿਸ ਨੂੰ ਮਾਨਸਾ ਤੋਂ ਬਾਹਰ ਲਈ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਭੀਖੀ ਦੇ ਏ.ਐੱਸ.ਆਈ ਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਮਾਪਿਆਂ ਵੱਲੋਂ ਉਸ ਦੀ ਮੌਤ ਸੜਕ ਦੁਰਘਟਨਾ 'ਚ ਨਾ ਹੋ ਕੇ, ਬਲਕਿ ਉਸ ਦਾ ਕਤਲ ਕੀਤੇ ਜਾਣ ਦੀ ਸ਼ੰਕਾ ਪ੍ਰਗਟਾਈ ਗਈ ਹੈ। ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।