ਚੰਡੀਗੜ੍ਹ, 14 ਅਗਸਤ 2019 - ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਖਰੀਦੇ ਵਾਹਨਾਂ ਦੀ ਡੀਲਰ ਪੱਧਰ ’ਤੇ ਹੀ ਰਜਿਸਟਰੇਸ਼ਨ ਕਰਨ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਇਸ ਸੁਵਿਧਾ ਦੇ ਸ਼ੁਰੂ ਹੋ ਜਾਣ ਨਾਲ ਚੰਡੀਗੜ੍ਹ ਵਾਸੀਆਂ ਨੂੰ ਨਵੇਂ ਵਾਹਨ ਖਰੀਦਣ ਤੋਂ ਬਾਅਦ ਉਸ ਦਾ ਰਜਿਸਟਰੇਸ਼ਨ ਨੰਬਰ ਲੈਣ ਲਈ ਆਰ.ਐਲ.ਏ ਦਫਤਰ ਦੇ ਚੱਕਰ ਨਹੀਂ ਲਗਾਉਣੇ ਪੈਣਗੇ।
ਵਾਹਨ ਖਰੀਦਣ ਦੇ ਮੌਕੇ ’ਤੇ ਹੀ ਇਸ ਬਾਰੇ ਸਾਰੇ ਜ਼ਰੂਰੀ ਕਾਗਜ਼ ਤੇ ਵਾਹਨ ਦੀ ਕੀਮਤ ਅਨੁਸਾਰ ਰੋਡ ਟੈਕਸ ਭਰਕੇ ਰਜਿਸਟਰੇਸ਼ਨ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਸ਼ਹਿਰ ਦੇ 52 ਵਾਹਨ ਡੀਲਰਾਂ ਨੂੰ ਪ੍ਰਸ਼ਾਸਨ ਦੀ ਸਾਈਟ ਨਾਲ ਜੋੜ ਕੇ ਇਹ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰਾਜੈਕਟ ਦਾ ਮੰਗਲਵਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਯੂਟੀ ਗੈਸਟ ਹਾਊਸ ਵਿੱਚ ਉਦਘਾਟਨ ਕੀਤਾ।
ਨਵੇਂ ਸਿਸਟਮ ਰਾਹੀਂ ਵਾਹਨ ਮਾਲਕ ਨੂੰ ਵਾਹਨ ਖਰੀਦਣ 'ਤੇ ਮੌਕੇ ’ਤੇ ਹੀ ਰਜਿਸਟਰੇਸ਼ਨ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ ਅਤੇ 2-3 ਦਿਨਾਂ ਵਿਚਾਲੇ ਵਾਹਨ ਦਾ ਰਜਿਸਟਰੇਸ਼ਨ ਸਰਟੀਫਿਕੇਟ ਡਾਕ ਰਾਹੀਂ ਵਾਹਨ ਮਾਲਕ ਦੇ ਘਰ ਪੁੱਜ ਜਾਵੇਗਾ। ਮਨਪਸੰਦ ਅਤੇ ਫੈਂਸੀ ਨੰਬਰਾਂ ਲਈ ਵਾਹਨ ਮਾਲਕ ਆਰਐਲਏ ਵੱਲੋਂ ਕੀਤੀ ਗਈ ਨਿਲਾਮੀ ਤੋਂ ਬਾਅਦ ਨੰਬਰ ਸਬੰਧੀ ਕੀਤੀ ਗਈ ਕਾਰਵਾਈ ਦੇ ਕਾਗਜ਼ ਡੀਲਰ ਨੂੰ ਦਿਖਾ ਕੇ ਫੈਂਸੀ ਨੰਬਰ ਲੈ ਕੇ ਸਕਦੇ ਹਨ।