ਜਗਦੀਸ਼ ਥਿੰਦ
ਚੰਡੀਗੜ੍ਹ / ਫਾਜ਼ਿਲਕਾ, 16 ਅਗਸਤ - ਸੈਕਟਰ 22 ਚੰਡੀਗੜ੍ਹ ਸਥਿਤ ਮਕਾਨ ਨੰਬਰ 2598 ਅੰਦਰ ਗਲਾ ਵੱਢ ਕੇ ਕਤਲ ਕਰ ਦਿੱਤੀਆਂ ਗਈਆਂ ਦੋ ਸਕੀਆਂ ਭੈਣਾਂ ਦੇ ਅੰਨ੍ਹੇ ਕਤਲ ਕਾਂਡ ਨੂੰ ਸੁਲਝਾਉਣ ਵਿੱਚ ਚੰਡੀਗੜ੍ਹ ਪੁਲਸ ਜੁਟ ਗਈ ਹੈ । ਐੱਸ.ਐੱਸ.ਪੀ ਚੰਡੀਗੜ੍ਹ ਨਿਲਾਂਬਰੀ ਜਗਦਲੇ ਆਈ ਪੀ ਐੱਸ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਮੌਕੇ ਦਾ ਨਿਰੀਖਣ ਕਰਕੇ ਕੁਝ ਜ਼ਰੂਰੀ ਵਸਤਾਂ ਨੂੰ ਕਬਜ਼ੇ ਵਿੱਚ ਲਿਆ ।
ਪੁਲਿਸ ਵੱਲੋਂ ਖੇਤਰ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਵੀ ਹਾਸਲ ਕੀਤੇ ਹਨ। ਵਿਸ਼ੇਸ਼ ਟੀਮ ਵੱਲੋਂ ਫਿੰਗਰ ਪ੍ਰਿੰਟਸ ਲੈਣ ਦੇ ਨਾਲ-ਨਾਲ ਇਨ੍ਹਾਂ ਲੜਕੀਆਂ ਵੱਲੋਂ ਵਰਤੇ ਜਾ ਰਹੇ ਮੋਬਾਇਲ ਫੋਨ ਦੀ ਕਾਲ ਡਿਟੇਲ ਰਾਹੀਂ ਮੁਜਰਮਾਂ ਦੀ ਪਹਿਚਾਣ ਕਰਨ ਦੀ ਕਾਰਵਾਈ ਜਾਰੀ ਹੈ ।
ਵਰਨਣਯੋਗ ਹੈ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਕਸਬਾ ਬੱਲੂਆਣਾ ਨਿਵਾਸੀ ਸਿਕੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਦੀਆਂ ਲੜਕੀਆਂ ਰਾਜਵੰਤ ਕੌਰ ਅਤੇ ਮਨਪ੍ਰੀਤ ਕੌਰ ਇਸ ਸਥਾਨ ਤੇ ਬਣੇ ਪੀ ਜੀ ਵਿੱਚ ਪਿਛਲੇ ਚਾਰ ਸਾਲਾਂ ਤੋਂ ਰਹਿ ਰਹੀਆਂ ਸਨ । ਉਹ ਜ਼ੀਰਕਪੁਰ ਸਥਿਤ ਕੈਮੀਕਲ ਫੈਕਟਰੀ ਵਿੱਚ ਕੰਮ ਕਰਦੀਆਂ ਸਨ ।
ਕੱਲ ਸਵੇਰੇ ਜਦੋਂ ਪਰਿਵਾਰਕ ਮੈਂਬਰਾਂ ਨੇ ਰੱਖੜੀ ਦਾ ਤਿਉਹਾਰ ਹੋਣ ਸਬੰਧੀ ਇਨ੍ਹਾਂ ਨਾਲ ਟੈਲੀਫੋਨ ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਵੱਲੋਂ ਫ਼ੋਨ ਰਸੀਵ ਨਹੀਂ ਕੀਤੇ ਗਏ। ਅਖੀਰ ਨੂੰ ਕਿਸੇ ਰਿਸ਼ਤੇਦਾਰ ਨੂੰ ਫੋਨ ਕਰ ਕੇ ਪਤਾ ਕਰਨ ਲਈ ਕਿਹਾ ਗਿਆ ਤਾਂ ਇਸ ਕਮਰੇ ਨੂੰ ਬਾਹਰੋਂ ਤਾਲਾ ਲੱਗਿਆ ਸੀ ।
ਕਮਰੇ ਦਾ ਤਾਲਾ ਤੋੜ ਕੇ ਜਦੋਂ ਅੰਦਰ ਦੇਖਿਆ ਤਾਂ ਦੇਖਣ ਵਾਲੇ ਦੇ ਹੋਸ਼ ਉੱਡ ਗਏ । ਦੋਵਾਂ ਲੜਕੀਆਂ ਦੇ ਗਲੇ ਕੱਟਣ ਤੋਂ ਇਲਾਵਾ ਸਰੀਰ ਉਪਰ ਹੋਰ ਵੀ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ । ਕਮਰੇ ਅੰਦਰ ਖੂਨ ਹੀ ਖੂਨ ਸੀ ਅਤੇ ਦੋਵੇਂ ਭੈਣਾਂ ਮਰ ਚੁੱਕੀਆਂ ਸਨ ।
ਇਨ੍ਹਾਂ ਲੜਕੀਆਂ ਦੇ ਭਰਾ ਲਵਪ੍ਰੀਤ ਸਿੰਘ ਨੂੰ ਕੁਝ ਸਮਾਂ ਪਹਿਲਾਂ ਪੁੱਡਾ ਵਿੱਚ ਬਤੌਰ ਐਸ.ਡੀ.ਓ ਨੌਕਰੀ ਮਿਲੀ ਹੈ । ਪੁਲਿਸ ਵੱਲੋਂ ਲਾਸ਼ਾਂ ਨੂੰ ਹਿਰਾਸਤ ਵਿੱਚ ਲੈ ਕੇ ਪੋਸਟ-ਮਾਰਟਮ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ । ਪੁਲਿਸ ਅਨੁਸਾਰ ਇਹ ਕਾਰਾ ਕਰਨ ਵਾਲੇ ਮੁਜਰਮ ਜਲਦ ਹੀ ਪੁਲਸ ਹਿਰਾਸਤ ਵਿਚ ਹੋਣਗੇ ।