ਚੰਡੀਗੜ੍ਹ, 16 ਅਗਸਤ 2019 - ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਦੇ ਹੋਰਨਾਂ ਸੂਬਿਆਂ 'ਚ ਪੜ੍ਹਾਈ ਕਰਨ ਲਈ ਰਹਿ ਰਹੇ ਵਿਦਿਆਰਥੀਆਂ ਵੱਲੋਂ ਪਿਛਲੇ ੧੧ ਦਿਨਾਂ ਤੋਂ ਆਪਣੇ ਮਾਪਿਆਂ ਨਾਲ ਕੋਈ ਸੰਪਰਕ ਨਾ ਹੋ ਪਾਉਣ 'ਤੇ ਰੋਸ ਜਤਾਇਆ ਜਾ ਰਿਹਾ ਹੈ।
ਚੰਡੀਗੜ੍ਹ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਨੂੰ ਮਿਲਣ ਦੀ ਤਾਂਘ ਦਿਖਾਈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ੧੧ ਦਿਨਾਂ ਤੋਂ ਉਨ੍ਹਾਂ ਦੀ ਆਪਣੇ ਪਰਿਵਾਰ ਵਾਲਿਆਂ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ।
ਚੰਡੀਗੜ੍ਹ ਪੜ੍ਹਦੀ ਇੱਕ ਵਿਦਿਆਰਥਣ ਨੇ ਭਾਰਤ ਸਰਕਾਰ ਨਾਲ ਨਰਾਜ਼ਗੀ ਜਤਾਉਂਦਿਆਂ ਕਿਹਾ ਕਿ ਭਾਰਤ ਸਰਕਾਰ ਉਨ੍ਹਾਂ ਦੀ ਅਜ਼ਾਦੀ ਖੋਹ ਕੇ ਖੁਦ ਅਜ਼ਾਦੀ ਦਿਹਾੜੇ ਮਨਾ ਰਹੀ ਹੈ ਜਦਕਿ ਉਹ ਆਪਣੇ ਆਪ ਨੂੰ ਪਿੰਜਰੇ 'ਚ ਕੈਦ ਹੋਇਆ ਮਹਿਸੂਸ ਕਰ ਰਹੇ ਨੇ ਤੇ ਨਾ ਹੀ ਆਪਣੇ ਪਰਿਵਾਰ ਨੂੰ ਮਿਲਣਾ ਤਾਂ ਦੂਰ ਸਗੋਂ ਉਨ੍ਹਾਂ ਨਾਲ ਗੱਲ ਵੀ ਨਹੀਂ ਕਰ ਪਾ ਰਹੇ।