ਸਿਹਤ ਵਿਭਾਗ, ਇਸਤਰੀ ਤੇ ਬਾਲ ਵਿਕਾਸ, ਪੇਂਡੂ ਵਿਕਾਸ ਤੇ ਪੰਚਾਇਤ, ਜੰਗਲਾਤ ਵੱਲੋਂ ਵੀ ਲਾਈਆਂ ਗਈਆਂ ਪ੍ਰਦਰਸ਼ਨੀ ਸਟਾਲਾਂ
ਨਵਾਂਸ਼ਹਿਰ, 16 ਅਗਸਤ, 2019: ਸਥਾਨਕ ਆਈ ਟੀ ਆਈ ਸਟੇਡੀਅਮ ਵਿਖੇ 73ਵੇਂ ਆਜ਼ਾਦੀ ਮੌਕੇ ਜ਼ਿਲ੍ਹਾ ਪੁਲਿਸ ਅਤੇ ਸਾਂਝ ਕੇਂਦਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ‘ਸਾਂਝੀ ਸੱਥ’ ਅਤੇ ਔਰਤਾਂ ਦੀ ਆਤਮ ਰੱਖਿਆ ਸਬੰਧੀ ਚਲਾਏ ਗਏ ‘ਸੁਰੱਕਸ਼ਾ’ ਪ੍ਰੋਗਰਾਮ ਤਹਿਤ ਦੋ ਵੱਖ-ਵੱਖ ਸਟਾਲ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਨ੍ਹਾਂ ਸਟਾਲਾਂ ਦਾ ਜਾਇਜ਼ਾ ਲੈਣ ਮੌਕੇ ਮੁੱਖ ਮਹਿਮਾਨ ਸ੍ਰੀ ਸੁੰਦਰ ਸ਼ਾਮ ਅਰੋੜਾ ਉਦਯੋਗ ਤੇ ਵਣਜ ਮੰਤਰੀ ਪੰਜਾਬ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਅਤੇ ਐਸ ਪੀ (ਐਚ) ਕਮ ਜ਼ਿਲ੍ਹਾ ਕਮਿਊਨਿਟੀ ਪੋਲਿਸਿੰਗ ਅਫ਼ਸਰ ਹਰੀਸ਼ ਦਿਆਮਾ ਵੱਲੋਂ ਨਸ਼ਿਆਂ ਖਿਲਾਫ਼ ਆਰੰਭੀ ਮੁਹਿੰਮ ਅਤੇ ਲੜਕੀਆਂ ਨੂੰ ਸਵੈ-ਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਐਸ ਐਸ ਪੀ ਅਲਕਾ ਮੀਨਾ ਵੱਲੋਂ ਸ੍ਰੀ ਅਰੋੜਾ ਨੂੰ ਜਾਣੂ ਕਰਵਾਇਆ ਗਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਨਸ਼ਿਆਂ ਨੂੰ ਨੱਥ ਪਾਉਣ ਲਈ 20705 ਵਿਅਕਤੀ ਡੈਪੋ ਤਹਿਤ ਰਜਿਸਟਰਡ ਕੀਤੇ ਗਏ ਹਨ ਅਤੇ ਵੱਖ-ਵੱਖ ਪਿੰਡਾਂ ਵਿੱਚ ਸਾਂਝੀ ਸੱਥ ਪ੍ਰੋਗਰਾਮ ਤਹਿਤ 442 ਮੀਟਿੰਗਾ ਅਤੇ 462 ਸੈਮੀਨਾਰ ਲਗਾਏ ਗਏ। ਉਨ੍ਹਾ ਦੱਸਿਆ ਕਿ ਨਸ਼ਿਆਂ ਖਿਲਾਫ਼ ਮੁਹਿੰਮ ਦੌਰਾਨ ਨੌਜਵਾਨਾਂ ਨੂੰ ਨਸ਼ੇ ਛੱਡਣ ਸਬੰਧੀ ਪ੍ਰੇਰਿਤ ਕਰਕੇ 22 ਵਿਅਕਤੀ ਹਸਪਤਾਲਾਂ ਵਿੱਚ ਦਾਖਲ ਕਰਵਾਏ ਗਏ ਅਤੇ 185 ਵਿਅਕਤੀਆਂ ਨੂੰ ਨਸ਼ਾ ਛੱਡਣ ਵਾਸਤੇ ਦਵਾਈ ਦਿਵਾਈ ਗਈ।
ਐਸ ਪੀ ਸ੍ਰੀ ਹਰੀਸ਼ ਦਿਆਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਾਂਝ ਕੇਂਦਰਾ ਵੱਲੋਂ ਲੋਕਾਂ ਦੀ ਭਲਾਈ ਵਾਸਤੇ ਇਸ ਸਾਲ ਦੌਰਾਨ 40444 ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਔਰਤਾਂ ਨੂੰ ਆਤਮ ਰੱਖਿਆ ਦੇ ਸਮਰੱਥ ਬਣਾਉਣ ਲਈ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ 1500 ਵਿਦਿਆਰਥਣਾ ਨੂੰ ‘ਸੁਰੱਕਸ਼ਾ’ ਪ੍ਰੋਗਰਾਮ ਤਹਿਤ ਮੁਫ਼ਤ ਸਿਖਲਾਈ ਦੇ ਕੇ ਸਿਖਿਅਤ ਕੀਤਾ ਜਾ ਚੁੱਕਾ ਹੈ ਅਤੇ ਅਗਲੇ ਪੜਾਅ ਦੇ ਵਿੱਚ ਹੋਰਨਾਂ ਲੜਕੀਆਂ ਨੂੰ ਇਹ ਸਿਖਲਾਈ ਦਿੱਤੀ ਜਾ ਰਹੀ ਹੈੈ। ਅਜਾਦੀ ਦਿਵਸ ਮੌਕੇ ਮੁੱਖ ਮਹਿਮਾਨ ਸ਼੍ਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਇਹ ਸ਼ੁਰੂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ ਗਈ।
ਜ਼ਿਲ੍ਹਾ ਪੱਧਰੀ ਆਜ਼ਾਦੀ ਸਮਾਗਮ ਦੌਰਾਨ ਆਮ ਲੋਕਾਂ ਦੀ ਜਾਣਕਾਰੀ ਹਿੱਤ ਜ਼ਿਲ੍ਹੇ ਦੇ ਹੋਰਨਾਂ ਵਿਭਾਗਾਂ ਵੱਲੋਂ ਵੀ ਸਟਾਲਾਂ ਲਾਈਆਂ ਗਈਆਂ। ਇਨ੍ਹਾਂ ’ਚ ਸਿਹਤ ਵਿਭਾਗ ਵੱਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਜੋ ਕਿ 20 ਅਗਸਤ ਤੋਂ ਲਾਗੂ ਹੋ ਰਿਹਾ ਹੈ, ਬਾਰੇ ਸਟਾਲ ਲਾਈ ਗਈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹਵਾ ਪ੍ਰਦੂਸ਼ਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਐਂਬੀਅਟ ਏਅਰ ਯੰਤਰ ਲਾਇਆ ਗਿਆ। ਜੰਗਲਾਤ ਵਿਭਾਗ ਵੱਲੋਂ ਹਰੇਕ ਪਿੰਡ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦਿਆਂ 550-550 ਪੌਦੇ ਲਾਏ ਜਾਣ ਸਬੰਧੀ ਸਟਾਲ ਲਾਇਆ ਗਿਆ ਸੀ, ਜਿੱਥੇ ਬੂਟਿਆਂ ਦੀ ਵੰਡ ਵੀ ਕੀਤੀ ਗਈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਲਾਏ ਸਟਾਲ ’ਤੇ ਸਕੀਮਾਂ ਦੀ ਜਾਣਕਾਰੀ ਦੇ ਨਾਲ-ਨਾਲ ਪੈਨਸ਼ਨ ਸਕੀਮ ਅਤੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੇ ਮਨਜੂਰੀ ਪੱਤਰ ਸ੍ਰੀ ਅਰੋੜਾ ਪਾਸੋਂ ਲਾਭਪਾਤਰੀਆਂ ਨੂੰ ਦਿਵਾਏ ਗਏ। ਇਸ ਤੋਂ ਇਲਾਵਾ ਮਨਰੇਗਾ ਜੋਬ ਕਾਰਡ ਅਤੇ ਐਸ ਬੀ ਐਮ ਪਖਾਨਿਆਂ ਦੇ ਮਨਜੂਰੀ ਪੱਤਰ ਵੀ ਮੌਕੇ ’ਤੇ ਵੰਡੇ ਗਏ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਹਰ ਮਹੀਨੇ ਦੀ 20 ਤਰੀਕ ਨੂੰ ਲਾਏ ਜਾਂਦੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਕੈਂਪ ਬਾਰੇ ਅਤੇ ਮਨਰੇਗਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਬੈਂਕਾਂ ਰਾਹੀਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ 19 ਸਤੰਬਰ ਅਤੇ 25 ਸਤੰਬਰ ਨੂੰ ਜ਼ਿਲ੍ਹੇ ’ਚ ਆਈ ਟੀ ਆਈ ਨਵਾਂਸ਼ਹਿਰ ਅਤੇ ਰਿਆਤ ਕੈਂਪਸ ਰੈਲਮਾਜਰਾ ਵਿਖੇ ਲਾਏ ਜਾਣ ਵਾਲੇ ਮੈਗਾ ਰੋਜ਼ਗਾਰ ਕੈਂਪਾਂ ਬਾਰੇ ਜਾਣਕਾਰੀ ਦਿੱਤੀ ਗਈ। ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਬਾਗਬਾਨੀ ਵਿਭਾਗ ਵੱਲੋਂ ਖੇਤੀ ਜ਼ਹਿਰਾਂ ਦੀ ਵਰਤੋਂ ਸੰਜਮ ਨਾਲ ਕਰਨ, ਖਾਦਾਂ ਦੀ ਲੋੜ ਤੋਂ ਵਧੇਰੇ ਵਰਤੋਂ ਨਾ ਕਰਨ ਅਤੇ ਮਿਆਰੀ ਬੀਜ ਵਰਤਣ ਸਬੰਧੀ ਪ੍ਰਦਰਸ਼ਨੀ ਲਾਈ ਗਈ। ਫੂਡ ਸੇਫ਼ਟੀ ਵਿੰਗ ਵੱਲੋਂ ਮਿਲਾਵਟੀ ਵਸਤਾਂ ਵਿਰੁੱਧ ਅਤੇ ਡੇਅਰੀ ਵਿਭਾਗ ਵੱਲੋਂ ਮਿਲਾਵਟੀ ਦੁੱਧ ਵਿਰੁੱਧ ਜਾਗਰੂਕ ਕਰਦਾ ਸਟਾਲ ਲਾਇਆ ਗਿਆ ਸੀ।
ਸਟਾਲਾਂ ਦੇ ਜਾਇਜ਼ੇ ਮੌਕੇ ਮੁੱਖ ਮਹਿਮਾਨ ਵੱਲੋਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੀ ਪਹਿਲ ਕਦਮੀ ’ਤੇ ਜ਼ਿਲ੍ਹੇ ਦੀਆਂ ਮਿਸ਼ਨ ਤੰਦਰੁਸਤ ਪੰਜਾਬ ਗਤੀਵਿਧੀਆਂ ’ਤੇ ਤਿਆਰ ਕਿਤਾਬਚਾ ਵੀ ਜਾਰੀ ਕੀਤਾ ਗਿਆ।