ਚੰਡੀਗੜ,17 ਅਗਸਤ 2019 - ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਜੀ ਦੀ 75ਵੀਂ ਜਨਮ ਵਰ੍ਹੇਗੰਢ ਨੂੰ ਪੂਰੇ ਉਤਸ਼ਾਹ ਨਾਲ ਮਨਾਉਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੂਰੀ ਤਰ੍ਹਾਂ ਤਿਆਰ ਹੈ। ਇਸ ਕੰਮ ਲਈ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸਦੇ ਚੇਅਰਮੈਨ ਕੁਲਜੀਤ ਨਾਗਰਾ ਵਿਧਾਇਕ ਅਤੇ ਸਕੱਤਰ ਆਲ ਇੰਡੀਆ ਕਾਂਗਰਸ ਕਮੇਟੀ ਨੂੰ ਬਣਾਇਆ ਗਿਆ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਕਮੇਟੀ ਦੇ ਵਾਈਸ ਚੇਅਰਮੈਨ ਹੋਣਗੇ ਜਦੋਂਕਿ ਕੈਪਟਨ ਸੰਦੀਪ ਸੰਧੂ ਜਨਰਲ ਸਕੱਤਰ ਪੰਜਾਬ ਕਾਂਗਰਸ ਕਮੇਟੀ ਨੂੰ ਇਸ ਦੇ ਮੈਂਬਰ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕੁਲਦੀਪ ਵੈਦ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਇੰਦਰਬੀਰ ਸਿੰਘ ਬੁਲਾਰੀਆ, ਸੁਖਵਿੰਦਰ ਡੈਨੀ (ਚਾਰੋਂ ਵਿਧਾਇਕ) ਨੂੰ ਕਮੇਟੀ ਦੇ ਮੈਂਬਰ ਬਣਾਇਆ ਗਿਆ ਹੈ।
ਇਸ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਭਵਨ ਵਿੱਚ ਹੋਈ ਜਿਸ ਵਿੱਚ ਸ੍ਰੀ ਰਾਜੀਵ ਗਾਂਧੀ ਜੀ ਦੇ 20 ਅਗਸਤ ਨੂੰ ਆਉਣ ਵਾਲੇ 75ਵੇਂ ਜਨਮ ਦਿਹਾੜੇ ਨੂੰ ਮਨਾਉਣ ਦੇ ਲਈ ਪ੍ਰੋਗਰਾਮ ਉਲੀਕਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਸਾਰੇ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਰਾਜੀਵ ਗਾਂਧੀ ਜੀ ਦੇ ਜਨਮ ਦਿਹਾੜੇ ਮੌਕੇ ਪੰਜਾਬ ਭਰ ਵਿੱਚ ਵੱਖ ਵੱਖ ਪ੍ਰੋਗਰਾਮ ਉਲੀਕੇ ਜਾਣ ਜਿਸ ਵਿੱਚ ਖ਼ੂਨਦਾਨ ਕੈਂਪ, ਪੌਦੇ ਲਗਾਉਣਾ, ਸੈਮੀਨਾਰ ਅਤੇ ਕਾਨਫਰੰਸਾਂ ਆਦਿ ਕਰਵਾਉਣਾ ਸ਼ਾਮਿਲ ਹਨ। ਇਸ ਕੰਮ ਲਈ ਯੂਥ ਕਾਂਗਰਸ ਦੇ ਨਾਲ ਨਾਲ ਜ਼ਿਲਿਆਂ ਵਿੱਚ ਕੰਮ ਕਰਦੀਆਂ ਵੱਖ ਵੱਖ ਇਕਾਈਆਂ ਦੀਆਂ ਜਿੰਮੇਵਾਰੀਆਂ ਲਗਾਉਣ ਅਤੇ ਵਿਸ਼ੇਸ਼ ਤੌਰ ਤੇ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਕਲੱਬਾਂ ਦਾ ਸਹਿਯੋਗ ਲੈਣ ਲਈ ਵੀ ਕਿਹਾ ਗਿਆ।
ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਸ੍ਰੀ ਰਾਜੀਵ ਗਾਂਧੀ ਦੀ ਭਾਰਤ ਨੂੰ ਕੀ ਕੀ ਦੇਣ ਸੀ। ਉਹ ਰਾਜੀਵ ਗਾਂਧੀ ਹੀ ਸਨ ਜਿਨ੍ਹਾਂ ਨੇ ਭਾਰਤ ਵਿੱਚ ਕੰਪਿਊਟਰ ਨੂੰ ਲਿਆਂਦਾ। ਪਿੰਡਾਂ ਵਿੱਚ ਪੰਚਾਇਤੀ ਰਾਜ ਸ਼ੁਰੂ ਕਰਨ ਵਾਲੇ ਵੀ ਰਾਜੀਵ ਗਾਂਧੀ ਜੀ ਹੀ ਸਨ।
ਇਸ ਮੌਕੇ ਬੋਲਦਿਆਂ ਕਮੇਟੀ ਦੇ ਚੇਅਰਮੈਨ ਵਿਧਾਇਕ ਕੁਲਜੀਤ ਨਾਗਰਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਕਾਂਗਰਸ ਦੀ ਸਭ ਤੋਂ ਮਜ਼ਬੂਤ ਸਰਕਾਰ ਪੰਜਾਬ ਸੂਬੇ ਵਿੱਚ ਹੀ ਹੈ ਅਜਿਹੇ ਵਿੱਚ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸ੍ਰੀ ਰਾਜੀਵ ਗਾਂਧੀ ਜੀ ਦੇ ਸੁਨੇਹੇ ਨੂੰ ਘਰ ਘਰ ਪਹੁੰਚਾਉਣ ਵਿਚ ਕੋਈ ਕਸਰ ਨਾ ਛੱਡੇ।
ਉਨ੍ਹਾਂ ਕਿਹਾ ਕਿ ਅੱਜ ਭਾਰਤ ਜਿਸ ਮੁਕਾਮ ਤੇ ਪਹੁੰਚਿਆ ਹੈ ਉਸ ਆਧੁਨਿਕ ਭਾਰਤ ਦੀ ਨੀਂਹ ਤਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਹੀ ਰੱਖੀ ਸੀ ਜਦੋਂ ਕਿ ਮੌਜੂਦਾ ਕੇਂਦਰ ਸਰਕਾਰ ਸਾਰੇ ਦਾ ਸਾਰਾ ਕ੍ਰੈਡਿਟ ਆਪਣੇ ਆਪ ਨੂੰ ਹੀ ਦੇਣ ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਨਹੀਂ ਭੁੱਲਣਾ ਚਾਹੀਦਾ ਕਿ ਬੀਤੇ ਸਮੇਂ ਵਿੱਚ ਹੀ ਭਾਰਤ ਨੇ ਪੁਲਾੜ, ਸੁਰੱਖਿਆ, ਤਕਨੀਕ, ਪੰਚਾਇਤੀ ਰਾਜ ਆਦਿ ਦੀ ਨੀਂਹ ਰੱਖੀ ਗਈ ਸੀ। ਉਹ ਗੱਲ ਵੱਖਰੀ ਹੈ ਕਿ ਭਾਜਪਾ ਸਰਕਾਰ ਬਣੀਆਂ ਬਣਾਈਆਂ ਚੀਜ਼ਾਂ ਨੂੰ ਨਵੇਂ ਤਰੀਕੇ ਨਾਲ ਪਰੋਸ ਕੇ ਦੇਸ਼ ਦੇ ਲੋਕਾਂ ਅੱਗੇ ਰੱਖ ਰਹੀ ਹੈ।