ਜਗਦੀਸ਼ ਥਿੰਦ
ਫ਼ਾਜ਼ਿਲਕਾ, 17 ਅਗਸਤ:
ਪੰਜਾਬ ਸਰਕਾਰ ਦੇ ਕਿਰਤ ਵਿਭਾਗ ਅਧੀਨ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਬਣੇ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਭਲਾਈ ਸਕੀਮਾਂ ਰਜਿਸਟਰਡ ਉਸਾਰੀ ਕਿਰਤੀਆਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ। ਇਨ੍ਹਾਂ ਸਕੀਮਾਂ ਤਹਿਤ ਜਨਵਰੀ 2019 ਤੋਂ ਜੁਲਾਈ 2019 ਤੱਕ 5167 ਲਾਭਪਾਤਰੀ ਰਜਿਸਟਰਡ ਕੀਤੇ ਜਾ ਚੁੱਕੇ ਹਨ।
ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੀ ਉਮਰ 18 ਸਾਲ ਤੋਂ 60 ਸਾਲ ਦੇ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੌਰਾਨ ਪੰਜਾਬ ਵਿਚ 90 ਦਿਨ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ ਤਾਂ ਉਹ ਇਸ ਸਕੀਮ ਤਹਿਤ ਆਪਣੇ-ਆਪ ਨੂੰ ਰਜਿਸਟਰਡ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੋਰਡ ਦਾ ਮੈਂਬਰ ਬਣਨ ਲਈ ਕੇਵਲ ਇਕ ਵਾਰ 25 ਰੁਪਏ ਰਜ਼ਿਸਟ੍ਰੇਸ਼ਨ ਫੀਸ ਦੇ ਨਾਲ ਅਰਜ਼ੀ ਫਾਰਮ ਭਰ ਕੇ ਹਲਕੇ ਦੇ ਸਹਾਇਕ ਕਿਰਤ ਕਮਿਸ਼ਨਰ ਜਾਂ ਕਿਰਤ ਇੰਸਪੈਕਟਰ ਨੂੰ ਦੇਣੀ ਲਾਜ਼ਮੀ ਹੋਵੇਗੀ। ਇਸ ਦੀ ਮੈਂਬਰਸ਼ਿਪ ਚਲਦੀ ਰੱਖਣ ਲਈ 10 ਰੁਪਏ ਪ੍ਰਤੀ ਮਹੀਨਾ ਅੰਸ਼ਦਾਨ ਜਮ੍ਹਾਂ ਕਰਵਾਉਣਾ ਜ਼ਰੂਰੀ ਹੋਵੇਗਾ।
ਉਨ੍ਹਾਂ ਵਿਭਾਗ ਵੱਲੋਂ ਚਲਾਈ ਜਾ ਰਹੀ ਐਕਸ੍ਰੇਸ਼ੀਆ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਧੀਨ ਲਾਭਪਾਤਰੀਆਂ ਦੀ ਮੌਤ ਹੋਣ 'ਤੇ 3 ਲੱਖ ਰੁਪਏ ਤੱਕ ਦੀ ਰਾਸ਼ੀ ਦਿੱਤੀ ਜਾਂਦੀ ਹੈ। ਬੋਰਡ ਦੇ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਪਹਿਲੀ ਕਲਾਸ ਤੋਂ ਲੈ ਕੇ ਉਚੇਰੀ ਸਿੱਖਿਆ ਲਈ 40,000 ਰੁਪਏ ਤੱਕ ਦਾ ਸਲਾਨਾ ਵਜੀਫ਼ਾ ਦਿੱਤਾ ਜਾਂਦਾ ਹੈ।
ਪੰਜੀਕ੍ਰਿਤ ਉਸਾਰੀ ਕਿਰਤੀਆਂ ਬਾਰੇ ਉਨ੍ਹਾਂ ਦੱਸਿਆ ਕਿ ਯੋਗ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਐਨਕਾਂ, ਦੰਦ ਅਤੇ ਸੁਣਨ ਦੇ ਯੰਤਰ ਲਗਾਉਣ ਲਈ ਕ੍ਰਮਵਾਰ 500 ਤੋਂ 8000 ਰੁਪਏ ਤੱਕ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੀਆਂ ਲੜਕੀਆਂ ਦੀ ਸ਼ਾਦੀ ਸਮੇਂ 31 ਹਜ਼ਾਰ ਰੁਪੲੈ ਦੀ ਸ਼ਗਨ ਸਕੀਮ, ਪੰਜੀਕ੍ਰਿਤ ਇਸਤਰੀ ਕਿਰਤੀ ਆਪਣੇ ਵਿਆਹ ਲਈ ਇਸ ਸਕੀਮ ਦਾ ਲਾਭ ਉਠਾ ਸਕਦੀ ਹੈ। ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ 2 ਹਜ਼ਾਰ ਰੁਪਏੋ ਐਲ.ਟੀ.ਸੀ.ਦੀ ਸੁਵਿਧਾ ( ਹਰ ਦੋ ਸਾਲ ਬਾਅਦ ) ਦਿੱਤੀ ਜਾਂਦੀ ਹੈ। ਉਸਾਰੀ ਕਿਰਤੀਆਂ ਅਤੇ ਪਰਿਵਾਰਕ ਮੈਂਬਰਾਂ ਲਈ ਦਾਹ ਸੰਸਕਾਰ ਅਤੇ ਕ੍ਰਿਆ ਕ੍ਰਮ ਲਈ ਸਕੀਮ ਵਿਚ 20,000 ਰੁਪਏ ਦਿੱਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਸਾਰੀ ਕੰਮਾਂ ਵਿਚ ਲੱਗੇ ਲਾਭਪਾਤਰੀ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਵਾਸਤੇ ਨਿਰਧਾਰਤ ਖਤਰਨਾਕ ਬਿਮਾਰੀਆਂ ਦੇ ਇਲਾਜ ਦੇ ਖਰਚੇ ਸਬੰਧੀ 1 ਲੱਖ ਰੁਪਏ ਤੱਕ ਪ੍ਰਤੀ ਪੂਰਤੀ ਬਾਰੇ ਸਕੀਮ ਤੋਂ ਇਲਾਵਾ ਪੰਜੀਕ੍ਰਿਤ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਸਕਿੱਲ ਅਪਗ੍ਰੇਡਸ਼ਨ ਅਤੇ ਵੋਕੇਸ਼ਨਲ ਐਜੂਕੇਸ਼ਨ ਸਕੀਮ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਬੋਰਡ ਦੇ ਲਾਭਪਤਾਰੀਆਂ ਲਈ 60 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਪੈਨਸ਼ਨ ਸਕੀਮ ਤਹਿਤ ਲਗਾਤਾਰ 3 ਸਾਲ ਮੈਂਬਰ ਬਣੇ ਰਹਿਣ 'ਤੇ 2000 ਰੁਪਏ ਪੈਨਸ਼ਨ ਵਿਤੀ ਸਹਾਇਤਾ ਵਜੋਂ ਦਿੱਤੀ ਜਾਂਦੀ ਹੈ। ਬੋਰਡ ਦੇ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਜਨਰਲ ਸਰਜਰੀ ਸਕੀਮ ਅਧੀਨ 50 ਹਜ਼ਾਰ ਰੁਪਏ ਜਾਂ ਅਸਲ ਖਰਚ ਮੁਤਾਬਿਕ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪ੍ਰਸੂਤਾ ਸਕੀਮ ਅਧੀਨ ਕਿਰਤੀ ਨੂੰ 5 ਹਜ਼ਾਰ ਰੁਪਏ ਤੱਕ ਦੀ ਵਿਤੀ ਸਹਾਇਤਾ ਅਤੇ ਮਾਨਸਿਕ ਰੋਗਾਂ ਜਾਂ ਅਪੰਗਤਾ ਗ੍ਰਸਤ ਕਿਰਤੀ ਦੇ ਬੱਚਿਆਂ ਦੀ ਸਾਂਭ-ਸੰਭਾਲ ਵਾਸਤੇ 20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਬੌਕਸ
ਸੇਵਾ ਕੇਂਦਰ ਰਾਹੀਂ ਕਰਾਈ ਜਾ ਸਕਦੀ ਹੈ ਰਜਿਸਟ੍ਰੇਸ਼ਨ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਸਾਰੀ ਕਿਰਤੀ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਵਾਸਤੇ ਰਜਿਸਟ੍ਰੇਸ਼ਨ ਕਰਾਉਣ ਲਈ ਜਾਂ ਸਕੀਮਾਂ ਲਈ ਅਪਲਾਈ ਕਰਨ ਵਾਸਤੇ ਸੇਵਾ ਕੇਂਦਰ 'ਚ ਸੰਪਰਕ ਕੀਤਾ ਜਾ ਸਕਦਾ ਹੈ।